Paris Olympic: ਨੀਰਜ ਚੋਪੜਾ ਨੇ ਜੈਵਲਿਨ ਥਰੋਅ ‘ਚ ਜਿੱਤਿਆ ਚਾਂਦੀ ਦਾ ਤਗਮਾ, ਲਗਾਤਾਰ 2 ਓਲੰਪਿਕ ‘ਚ ਮੈਡਲ ਜਿੱਤਣ ਵਾਲੇ ਬਣੇ ਤੀਜੇ ਭਾਰਤੀ ਖਿਡਾਰੀ
ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੇ ਜੈਵਲਿਨ ਥ੍ਰੋਅ ਈਵੈਂਟ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ। 26 ਸਾਲਾ ਨੀਰਜ ਨੇ 89.45 ਮੀਟਰ ਜੈਵਲਿਨ ਸੁੱਟ ਕੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਨੀਰਜ ਲਗਾਤਾਰ ਦੋ ਓਲੰਪਿਕ ‘ਚ ਤਮਗਾ ਜਿੱਤਣ ਵਾਲਾ ਤੀਜਾ ਭਾਰਤੀ ਖਿਡਾਰੀ ਬਣ ਗਿਆ ਹੈ। ਨੀਰਜ ਤੋਂ ਪਹਿਲਾਂ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਸ਼ਟਲਰ ਪੀਵੀ ਸਿੰਧੂ ਨੇ ਲਗਾਤਾਰ ਦੋ ਓਲੰਪਿਕ ਵਿੱਚ ਤਗਮੇ ਜਿੱਤੇ ਸਨ।
ਇਹ ਵੀ ਪੜ੍ਹੋ: ਹਾਕੀ ਟੀਮ ਵੱਲੋਂ ਕਾਂਸੀ ਤਗਮਾ ਜਿੱਤਣ ‘ਤੇ CM ਭਗਵੰਤ ਮਾਨ ਵੱਲੋਂ ਕੀਤਾ ਗਿਆ ਵੱਡਾ ਐਲਾਨ
ਦੱਸ ਦਈਏ ਕਿ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਜੈਵਲਿਨ ਥ੍ਰੋਅ ਦੇ ਨਵੇਂ ਓਲੰਪਿਕ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ। ਉਸ ਨੇ 92.97 ਮੀਟਰ ਜੈਵਲਿਨ ਸੁੱਟਿਆ। ਅਰਸ਼ਦ ਦੇ 2 ਥਰੋਅ 90 ਮੀਟਰ ਤੋਂ ਵੱਧ ਸਨ। ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਜੈਵਲਿਨ ਸੁੱਟ ਕੇ ਕਾਂਸੀ ਦਾ ਤਗਮਾ ਜਿੱਤਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ-
ਨੀਰਜ ਦੀ ਉਪਲਬਧੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ- ‘ਨੀਰਜ ਉੱਤਮਤਾ ਦੀ ਮਿਸਾਲ ਹੈ। ਉਸਨੇ ਵਾਰ-ਵਾਰ ਆਪਣੀ ਪ੍ਰਤਿਭਾ ਦਿਖਾਈ ਹੈ। ਨੀਰਜ ਦੀ ਮਾਂ ਨੇ ਕਿਹਾ- ‘ਸਾਡੇ ਲਈ ਚਾਂਦੀ ਸੋਨੇ ਵਰਗੀ ਹੈ, ਜਿਸ ਨੇ ਸੋਨਾ ਜਿੱਤਿਆ ਉਹ ਵੀ ਮੇਰਾ ਬੇਟਾ ਹੈ।’ ਪਿਤਾ ਨੇ ਕਿਹਾ- ‘ਚੋਟ ਕਾਰਨ ਪਰੇਸ਼ਾਨੀ ਹੋਈ, ਨੀਰਜ ਦਾ ਮੈਡਲ ਵਿਨੇਸ਼ ਦੀ ਭਾਵਨਾ ਨੂੰ ਸਮਰਪਿਤ ਹੈ।’