ਬੋਰਵੈੱਲ ‘ਚ ਡਿੱਗੇ ਰਾਹੁਲ ਨੇ 105 ਘੰਟਿਆਂ ਤੱਕ ਕੀਤਾ ਮੌਤ ਦਾ ਸਾਹਮਣਾ, ਅੰਤ ਜਿੱਤ ਹੀ ਲਈ ਜ਼ਿੰਦਗੀ ਦੀ ਜੰਗ

0
911

ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜ਼ਿਲੇ ‘ਚ ਬੋਰਵੈੱਲ ‘ਚ ਫਸੇ ਰਾਹੁਲ ਨੂੰ ਮੰਗਲਵਾਰ ਦੇਰ ਰਾਤ 105 ਘੰਟਿਆਂ ਦੇ ਬਚਾਅ ਕਾਰਜ ਤੋਂ ਬਾਅਦ ਬਚਾ ਲਿਆ ਗਿਆ। ਫਿਲਹਾਲ ਰਾਹੁਲ ਨੂੰ ਸੁਰੰਗ ਤੋਂ ਬਾਹਰ ਕੱਢ ਕੇ ਐਂਬੂਲੈਂਸ ਤੱਕ ਪਹੁੰਚਾਇਆ ਗਿਆ। ਉਸ ਤੋਂ ਬਾਅਦ ਗ੍ਰੀਨ ਕੋਰੀਡੋਰ ਬਣਾ ਕੇ ਬਿਲਾਸਪੁਰ ਦੇ ਅਪੋਲੋ ਹਸਪਤਾਲ ਭੇਜਿਆ ਗਿਆ। ਰਾਹੁਲ ਨੂੰ ਸੁਰੰਗ ‘ਚੋਂ ਬਾਹਰ ਕੱਢਦੇ ਸਮੇਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਦਿਖਾਈ ਦਿੱਤੀਆਂ।

ਛੱਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ ਨੇ ਰਾਤ ਕਰੀਬ 11:50 ਵਜੇ ਇਸ ਬਾਰੇ ਇੱਕ ਟਵੀਟ ਕੀਤਾ। ਇਸ ‘ਚ ਉਨ੍ਹਾਂ ਲਿਖਿਆ ਹੈ ਕਿ “ਮੰਨਿਆ ਕਿ ਚੁਣੌਤੀ ਵੱਡੀ ਸੀ, ਪਰ ਸਾਡੀ ਟੀਮ ਕਿਹੜਾ ਸ਼ਾਂਤ ਖੜ੍ਹੀ ਸੀ। ਜੇਕਰ ਰਸਤੇ ਚਟਾਨੀ ਸਨ ਤਾਂ ਸਾਡੇ ਇਰਾਦੇ ਫੌਲਾਦੀ ਸਨ। ਸਾਰਿਆਂ ਦੀਆਂ ਦੁਆਵਾਂ ਅਤੇ ਬਚਾਅ ਟੀਮ ਦੇ ਅਣਥੱਕ, ਸਮਰਪਿਤ ਯਤਨਾਂ ਨਾਲ ਰਾਹੁਲ ਸਾਹੂ ਨੂੰ ਸੁੱਰਖਿਅਤ ਬਾਹਰ ਕੱਢਿਆ ਗਿਆ। ਸਾਡੀ ਇੱਛਾ ਹੈ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਵੇ।”

ਛੱਤੀਸਗੜ੍ਹ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਹੁਲ ਦੀ ਹਾਲਤ ਅਜੇ ਸਥਿਰ ਹੈ। ਐਂਬੂਲੈਂਸ ਦੇ ਡਾਕਟਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਬੀ.ਪੀ., ਸ਼ੂਗਰ, ਦਿਲ ਦੀ ਧੜਕਨ ਨਾਰਮਲ ਹੈ ਅਤੇ ਫੇਫੜੇ ਵੀ ਸਾਫ਼ ਹਨ। ਰਾਤ ਕਰੀਬ ਤਿੰਨ ਵਜੇ, ਸੀਐਮਓ ਛੱਤੀਸਗੜ੍ਹ ਦੁਆਰਾ ਇੱਕ ਟਵੀਟ ਵਿੱਚ ਕਿਹਾ ਗਿਆ ਕਿ “ਰਾਹੁਲ ਕੁਸ਼ਲ ਹੱਥਾਂ ਵਿੱਚ ਪਹੁੰਚ ਗਏ ਹਨ। ਕੁਝ ਸਮਾਂ ਪਹਿਲਾਂ ਐਂਬੂਲੈਂਸ ਉਸ ਨੂੰ ਬਿਲਾਸਪੁਰ ਜ਼ਿਲ੍ਹੇ ਦੇ ਅਪੋਲੋ ਹਸਪਤਾਲ ਲੈ ਗਈ ਹੈ। ਫਿਲਹਾਲ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਆਈਸੀਯੂ ਵਿੱਚ ਰੱਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ ਸਾਹੂ ਦਾ ਪਹਿਲਾ ਮੈਡੀਕਲ ਬੁਲੇਟਿਨ ਬੁੱਧਵਾਰ ਸਵੇਰੇ 10 ਵਜੇ ਤੋਂ ਬਾਅਦ ਜਾਰੀ ਕੀਤਾ ਜਾ ਸਕਦਾ ਹੈ। ਬਿਲਾਸਪੁਰ ਅਪੋਲੋ ਦੇ ਲੋਕ ਸੰਪਰਕ ਅਧਿਕਾਰੀ ਦੇਵੇਸ਼ ਗੋਪਾਲ ਮੁਤਾਬਕ ਰਾਹੁਲ ਆਈਸੀਯੂ ਵਿੱਚ ਦਾਖ਼ਲ ਹਨ। ਰਾਹੁਲ ਦੀ ਹਾਲਤ ਹੁਣ ਠੀਕ ਹੈ।

ਜੰਜਗੀਰ ਕਲੈਕਟਰ ਜਿਤੇਂਦਰ ਸ਼ੁਕਲਾ ਨੇ ਦੱਸਿਆ ਕਿ ਰਾਹੁਲ ਦੇ ਨਾਲ ਬੋਰਵੈੱਲ ‘ਚ ਸੱਪ ਅਤੇ ਡੱਡੂ ਵੀ ਸਨ। ਇਸ ਦਾ ਕਾਰਨ ਰਾਹੁਲ ਨੂੰ ਲੈ ਕੇ ਚਿੰਤਾ ਸੀ। ਇਸ ਤੋਂ ਪਹਿਲਾਂ ਰਾਤ ਕਰੀਬ 10 ਵਜੇ ਛੱਤੀਸਗੜ੍ਹ ਦੇ ਸੀਐਮਓ ਨੇ ਆਪਣੇ ਇੱਕ ਟਵੀਟ ਵਿੱਚ ਦੱਸਿਆ ਸੀ ਕਿ ਚੱਟਾਨਾਂ ਨੂੰ ਹਟਾਉਣ ਤੋਂ ਬਾਅਦ ਬਚਾਅ ਟੀਮ ਹੁਣ ਬੋਰਵੈੱਲ ਤੱਕ ਪਹੁੰਚ ਗਈ ਹੈ ਅਤੇ ਰਾਹੁਲ ਨਜ਼ਰ ਆ ਰਹੇ ਹਨ। ਬਚਾਅ ਕਾਰਜ ਪਿਛਲੇ 4 ਦਿਨਾਂ ਤੋਂ ਚੱਲ ਰਿਹਾ ਸੀ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.), ਫੌਜ ਅਤੇ ਪੁਲਿਸ ਵਾਲਿਆਂ ਸਮੇਤ ਬਚਾਅ ਟੀਮਾਂ ਨੇ ਬੱਚੇ ਤੱਕ ਪਹੁੰਚਣ ਲਈ ਸਮਾਨਾਂਤਰ ਟੋਏ ਰਾਹੀਂ ਸੁਰੰਗ ਬਣਾਈ ਸੀ। NDRF, ਫੌਜ, ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ 500 ਤੋਂ ਵੱਧ ਕਰਮਚਾਰੀ ਸ਼ੁੱਕਰਵਾਰ ਸ਼ਾਮ ਤੋਂ ਇੱਕ ਵਿਆਪਕ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਰਾਹੁਲ ਸਾਹੂ ਸ਼ੁੱਕਰਵਾਰ ਦੁਪਹਿਰ ਕਰੀਬ 2 ਵਜੇ ਮਲਖਰੌਦਾ ਵਿਕਾਸ ਬਲਾਕ ਦੇ ਪਿਹਰੀਦ ਪਿੰਡ ‘ਚ ਆਪਣੇ ਘਰ ਦੇ ਪਿੱਛੇ 68 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ ਸੀ।

LEAVE A REPLY

Please enter your comment!
Please enter your name here