ਨਵੀਂ ਦਿੱਲੀ, 11 ਅਗਸਤ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਬਣੀ ਮਾਨਯੋਗ ਤੇ ਸਰਵ-ਉਚ ਸੁਪਰੀਮ ਕੋਰਟ ਨੇ ਦਿੱਲੀ ਐਨ. ਸੀ. ਆਰ. (ਨੈਸ਼ਨਲ ਕੈਪੀਟਲ ਰੀਜ਼ਨ) ਵਿਚੋਂ ਆਵਾਰਾ ਕੁੱਤਿਆਂ ਦੇ ਮਾਮਲੇ ਵਿੱਚ ਸਖ਼ਤ ਦਿਸ਼ਾ ਨਿਰਦੇਸ਼ ਦਿੰਦਿਆਂ ਐਮ. ਸੀ. ਡੀ. ਅਤੇ ਐਨ. ਡੀ. ਐਮ. ਸੀ. ਨੂੰ ਆਵਾਰਾ ਕੁੱਤਿਆਂ (Stray dogs) ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਰੇ ਆਵਾਰਾ ਕੁੱਤਿਆਂ ਨੂੰ ਤੁਰੰਤ ਚੁੱਕਣਾ ਸ਼ੁਰੂ ਕਰ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਕਿਸੇ ਹੋਰ ਖੇਤਰ ਵਿੱਚ ਭੇਜਿਆ ਜਾਵੇ।
ਰੁਕਾਵਟ ਪਾਉਣ ਵਾਲੇ ਨੂੰ ਕਰਨਾ ਪਵੇਗਾ ਸਖ਼ਤ ਕਾਰਵਾਈ ਦਾ ਸਾਹਮਣਾ
ਕੁੱਤਿਆਂ ਦੇ ਮਾਮਲੇ ਵਿਚ ਸਖ਼ਤ ਨਿਰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਕੋਈ ਸੰਗਠਨ ਕੁੱਤਿਆਂ ਨੂੰ ਜ਼ਬਰਦਸਤੀ ਫੜਨ ਵਿੱਚ ਰੁਕਾਵਟ ਪਾਉਂਦਾ ਹੈ ਤਾਂ ਉਸਨੂੰ ਸੁਪਰੀਮ ਕੋਰਟ ਤੋਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ । ਇਸ ਪ੍ਰਕਿਰਿਆ ਵਿੱਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਜਾਣੀ ਚਾਹੀਦੀ । ਸੁਪਰੀਮ ਕੋਰਟ ਨੇ ਕਿਹਾ ਹੈ ਕਿ ਫਿਲਹਾਲ ਸਾਰੇ ਨਿਯਮਾਂ ਨੂੰ ਭੁੱਲ ਜਾਓ । ਸਾਨੂੰ ਸਾਰੇ ਖੇਤਰਾਂ ਤੋਂ ਆਵਾਰਾ ਕੁੱਤਿਆਂ ਨੂੰ ਫੜਨਾ ਪਵੇਗਾ। ਇਹ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਕਿ ਬੱਚੇ, ਔਰਤਾਂ ਅਤੇ ਬਜ਼ੁਰਗ ਸੜਕਾਂ ’ਤੇ ਸੁਰੱਖਿਅਤ ਰਹਿਣ ਅਤੇ ਰੇਬੀਜ਼ ਦੇ ਜੋਖਮ ਵਿੱਚ ਨਾ ਹੋਣ ।
ਸਾਨੂੰ ਸੜਕਾਂ ਨੂੰ ਆਵਾਰਾ ਕੁੱਤਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਪਵੇਗਾ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਸੜਕਾਂ ਨੂੰ ਆਵਾਰਾ ਕੁੱਤਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਪਵੇਗਾ । ਅਸੀਂ ਕਿਸੇ ਨੂੰ ਵੀ ਗੋਦ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ। ਸੜਕਾਂ ਨੂੰ ਆਵਾਰਾ ਕੁੱਤਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਲੋੜ ਹੈ । ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿਰਫ਼ ਸਰਕਾਰ ਦੀ ਹੀ ਸੁਣਵਾਈ ਹੋਵੇਗੀ ਅਤੇ ਕੁੱਤਿਆਂ ਨੂੰ ਪਿਆਰ ਕਰਨ ਵਾਲਿਆਂ ਜਾਂ ਕਿਸੇ ਹੋਰ ਧਿਰ ਦੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ । ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਧਾਨੀ ਦਿੱਲੀ, ਐਮ. ਸੀ. ਡੀ. ਅਤੇ ਨਵੀਂ ਦਿੱਲੀ ਨਗਰ ਨਿਗਮ ਨੂੰ ਕੁੱਤਿਆਂ ਲਈ ਤੁਰੰਤ ਇੱਕ ਆਸਰਾ ਬਣਾਉਣ ਅਤੇ 8 ਹਫ਼ਤਿਆਂ ਦੇ ਅੰਦਰ ਬੁਨਿਆਦੀ ਢਾਂਚੇ ਦੇ ਨਿਰਮਾਣ ਬਾਰੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ ।
Read More : ਆਵਾਰਾ ਕੁੱਤਿਆਂ ਦਾ ਕਹਿਰ, ਘਰ ਬਾਹਰ ਖੇਡ ਰਹੀ ਬੱਚੀ ‘ਤੇ ਹਮਲਾ ਕਰ ਕੀਤਾ ਜ਼ਖ਼ਮੀ