ਨਵੀ ਦਿੱਲੀ, 18 ਮਾਰਚ: ਪੁਲਾੜ ‘ਚ ਫਸੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ 9 ਮਹੀਨੇ 13 ਦਿਨਾਂ ਬਾਅਦ ਧਰਤੀ ‘ਤੇ ਪਰਤ ਰਹੇ ਹਨ। ISS ਯਾਨੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਉਨ੍ਹਾਂ ਨੂੰ ਧਰਤੀ ‘ਤੇ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਉਮੀਦ ਹੈ ਕਿ ਦੋਵੇਂ ਪੁਲਾੜ ਯਾਤਰੀ ਭਾਰਤੀ ਸਮੇਂ ਮੁਤਾਬਕ 19 ਮਾਰਚ ਦੀ ਸਵੇਰ ਨੂੰ ਧਰਤੀ ‘ਤੇ ਪਹੁੰਚ ਜਾਣਗੇ।
ਵਾਪਸੀ ਦਾ ਰਸਤਾ ਸਾਫ਼
ਦੱਸ ਦਈਏ ਕਿ ਸਪੇਸਐਕਸ ਦਾ ਪੁਲਾੜ ਯਾਨ ਐਤਵਾਰ ਨੂੰ ਆਈਐਸਐਸ ਪਹੁੰਚਿਆ ਸੀ। ਇਸ ਨਾਲ ਵਿਲੀਅਮਜ਼ ਅਤੇ ਵਿਲਮੋਰ ਦੀ ਵਾਪਸੀ ਦਾ ਰਸਤਾ ਸਾਫ਼ ਹੋ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਜੇਕਰ ਮੌਸਮ ਅਨੁਕੂਲ ਰਿਹਾ ਤਾਂ ਦੋਵੇਂ ਫਸੇ ਹੋਏ ਪੁਲਾੜ ਯਾਤਰੀਆਂ ਨੂੰ ਤਹਿ ਸਮੇ ਅਨੁਸਾਰ ਫਲੋਰੀਡਾ ਦੇ ਤੱਟ ਨੇੜੇ ਪਾਣੀ ‘ਚ ਉਤਾਰਿਆ ਜਾਵੇਗਾ। ਉਨ੍ਹਾਂ ਦੇ ਨਾਲ ਅੱਜ ਕਰੂ-9 ਦੇ ਦੋ ਹੋਰ ਪੁਲਾੜ ਯਾਤਰੀ ਨਿਕ ਹੇਗ ਅਤੇ ਅਲੈਗਜ਼ੈਂਡਰ ਗੋਰਬੁਨੋਵ ਵੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਏ।
ਚਾਰ ਪੁਲਾੜ ਯਾਤਰੀਆਂ ਦੇ ਡਰੈਗਨ ਪੁਲਾੜ ਯਾਨ ਵਿੱਚ ਸਵਾਰ ਹੋਣ ਤੋਂ ਬਾਅਦ, ਇਸ ਪੁਲਾੜ ਯਾਨ ਦਾ ਹੈਚ ਸਵੇਰੇ 08:35 ਵਜੇ ਬੰਦ ਹੋ ਗਿਆ ਅਤੇ ਪੁਲਾੜ ਯਾਨ ਸਵੇਰੇ 10:35 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵੱਖ ਹੋਇਆ। ਇਹ 19 ਮਾਰਚ ਨੂੰ ਲਗਭਗ 3:27 ਵਜੇ ਫਲੋਰੀਡਾ ਦੇ ਤੱਟ ‘ਤੇ ਉਤਰੇਗਾ।