ਰੇਖਾ ਗੁਪਤਾ ਅੱਜ ਦਿੱਲੀ ਦੀ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
ਨਵੀ ਦਿੱਲੀ, 20 ਫਰਵਰੀ : ਦਿੱਲੀ ‘ਚ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਬਣਿਆ ਸਸਪੈਂਸ ਖਤਮ ਹੋ ਗਿਆ ਹੈ। ਰੇਖਾ ਗੁਪਤਾ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਅੱਜ ਰੇਖਾ ਗੁਪਤਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਅੱਜ ਦੁਪਹਿਰ 12.35 ਵਜੇ ਨਵੇਂ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਨੂੰ ਸਹੁੰ ਚੁਕਾਉਣਗੇ।
ਕੌਣ ਹੈ ਰੇਖਾ ਗੁਪਤਾ?
ਰੇਖਾ ਗੁਪਤਾ ਦਿੱਲੀ ਦੀ ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟ ਤੋਂ ਵਿਧਾਇਕ ਹੈ। ਉਹ ਇਸ ਸਮੇਂ ਦਿੱਲੀ ਭਾਜਪਾ ਦੀ ਜਨਰਲ ਸਕੱਤਰ ਹੈ ਅਤੇ ਭਾਜਪਾ ਦੇ ਮਹਿਲਾ ਮੋਰਚਾ ਦੀ ਕੌਮੀ ਮੀਤ ਪ੍ਰਧਾਨ ਵੀ ਹੈ। 50 ਸਾਲਾ ਰੇਖਾ ਦਾ ਜਨਮ 1974 ਵਿੱਚ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਨੰਦਗੜ੍ਹ ਵਿੱਚ ਹੋਇਆ ਸੀ। ਉਸਦੇ ਪਿਤਾ ਭਾਰਤੀ ਸਟੇਟ ਬੈਂਕ ਵਿੱਚ ਇੱਕ ਅਧਿਕਾਰੀ ਸਨ।
ਇਹ ਛੇ ਮੰਤਰੀ ਵੀ ਚੁੱਕਣਗੇ ਸਹੁੰ
ਰੇਖਾ ਗੁਪਤਾ ਦੀ ਕੈਬਨਿਟ ‘ਚ 6 ਮੰਤਰੀ ਵੀ ਹੋਣਗੇ। ਉਨ੍ਹਾਂ ਦੀ ਸੂਚੀ ਵੀ ਸਾਹਮਣੇ ਆਈ ਹੈ। ਭਾਜਪਾ ਨੇ ਜਾਟ, ਸਿੱਖ, ਪੰਜਾਬੀ, ਦਲਿਤ ਅਤੇ ਪੂਰਵਾਂਚਲੀ ਆਗੂਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਜਾਤੀ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਰੇਖਾ ਗੁਪਤਾ ਦੇ ਨਾਲ ਛੇ ਮੰਤਰੀ ਵੀ ਸਹੁੰ ਚੁੱਕਣਗੇ। ਇਸ ਵਿੱਚ ਪ੍ਰਵੇਸ਼ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਇੰਦਰਾਜ਼ ਸਿੰਘ, ਕਪਿਲ ਮਿਸ਼ਰਾ ਅਤੇ ਪੰਕਜ ਕੁਮਾਰ ਸਿੰਘ ਦੇ ਨਾਂ ਸ਼ਾਮਲ ਹਨ।