ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਨਵੀ ਦਿੱਲੀ, 22 ਫਰਵਰੀ : ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਅੱਜ ਦੂਜੀ ਵਾਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੌਸਾ ਦੀ ਸ਼ਿਆਲਾਵਾਸ ਜੇਲ ‘ਚ ਬੰਦ ਕੈਦੀ ਨੇ ਰਾਤ 2 ਵਜੇ ਜੈਪੁਰ ਪੁਲਸ ਕੰਟਰੋਲ ਰੂਮ ‘ਤੇ ਫੋਨ ਕੀਤਾ ਅਤੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਪੁਲਿਸ ਕੰਟਰੋਲ ਰੂਮ ‘ਤੇ ਆਈ ਕਾਲ
ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਨੂੰ ਜੈਪੁਰ ਪੁਲਿਸ ਕੰਟਰੋਲ ਰੂਮ ‘ਤੇ ਇੱਕ ਕਾਲ ਆਈ, ਜਿਸ ਵਿੱਚ ਕਾਲ ਕਰਨ ਵਾਲੇ ਨੇ ਪੁਲਿਸ ਕਰਮਚਾਰੀਆਂ ਨੂੰ ਕਿਹਾ ਸੀ ਕਿ ਉਹ ਸੀਐਮ ਨੂੰ ਮਾਰ ਦੇਣਗੇ। ਪੁਲਸ ਨੇ ਕਾਲ ਦੇ ਆਧਾਰ ‘ਤੇ ਲੋਕੇਸ਼ਨ ਦਾ ਪਤਾ ਲਗਾਇਆ ਤਾਂ ਇਹ ਦੌਸਾ ਜੇਲ ਨਿਕਲੀ।
ਕੈਦੀ ਤੋਂ ਪੁੱਛਗਿੱਛ
ਇਸ ‘ਤੇ ਰਾਤ ਨੂੰ ਹੀ ਦੌਸਾ ਪੁਲਸ ਅਤੇ ਜੈਪੁਰ ਪੁਲਸ ਦੀ ਟੀਮ ਨੇ ਤਲਾਸ਼ੀ ਲਈ ਅਤੇ ਦਾਰਜੀਲਿੰਗ ਦੇ ਰਹਿਣ ਵਾਲੇ ਇਕ ਦੋਸ਼ੀ ਨੂੰ ਹਿਰਾਸਤ ‘ਚ ਲਿਆ। ਇੱਥੋਂ ਦੀ ਵਿਸ਼ੇਸ਼ ਕੇਂਦਰੀ ਜੇਲ੍ਹ ਵਿੱਚੋਂ ਪੁਲੀਸ ਨੂੰ 9 ਹੋਰ ਮੋਬਾਈਲ ਮਿਲੇ ਹਨ। ਦੋਸ਼ੀ ਨੌਜਵਾਨ ਨੇ ਫੋਨ ‘ਤੇ ਧਮਕੀ ਦੇਣ ਦੀ ਗੱਲ ਕਬੂਲੀ ਹੈ। ਹੁਣ ਪੁਲਿਸ ਜੇਲ੍ਹ ਵਿੱਚ ਹੀ ਕੈਦੀ ਤੋਂ ਪੁੱਛਗਿੱਛ ਕਰ ਰਹੀ ਹੈ।