ਡਾ: ਮਨਮੋਹਨ ਸਿੰਘ ਦੇ ਦੇਹਾਂਤ ‘ਤੇ PM ਮੋਦੀ ਨੇ ਜਤਾਇਆ ਦੁੱਖ
ਨਵੀ ਦਿੱਲੀ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਰਾਤ 8:06 ਵਜੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਦਿੱਲੀ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਰਾਤ 9:51 ‘ਤੇ ਆਖਰੀ ਸਾਹ ਲਏ।
ਪੀਐਮ ਮੋਦੀ ਨੇ ਡਾ: ਮਨਮੋਹਨ ਸਿੰਘ ਦੇ ਦੇਹਾਂਤ ਤੇ ਦੁੱਖ ਜਤਾਇਆ ਹੈ। ਉਨ੍ਹਾਂ ਐਕਸ ‘ਤੇ ਲਿਖਿਆ- ਭਾਰਤ ਆਪਣੇ ਸਭ ਤੋਂ ਵੱਕਾਰੀ ਨੇਤਾਵਾਂ ਵਿੱਚੋਂ ਇੱਕ, ਡਾ: ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਸੋਗ ਮਨਾ ਰਿਹਾ ਹੈ। ਇੱਕ ਸਾਧਾਰਨ ਪਿਛੋਕੜ ਤੋਂ ਉੱਠ ਕੇ, ਉਹ ਇੱਕ ਪ੍ਰਸਿੱਧ ਅਰਥ ਸ਼ਾਸਤਰੀ ਬਣੇ। ਉਨ੍ਹਾਂ ਨੇ ਵਿੱਤ ਮੰਤਰੀ ਸਮੇਤ ਕਈ ਅਹੁਦਿਆਂ ‘ਤੇ ਕੰਮ ਕੀਤਾ। ਸਾਲਾਂ ਤੱਕ ਸਾਡੀ ਆਰਥਿਕ ਨੀਤੀ ‘ਤੇ ਡੂੰਘੀ ਛਾਪ ਛੱਡੀ। ਸੰਸਦ ਦੇ ਅੰਦਰ ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਸਾਡੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵਿਆਪਕ ਯਤਨ ਕੀਤੇ।
ਪੀਐਮ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ – ‘ਜਦੋਂ ਡਾ: ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਨ ਅਤੇ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਅਸੀਂ ਰੋਜ਼ਾਨਾ ਗੱਲ ਕਰਦੇ ਸੀ। ਅਸੀਂ ਸ਼ਾਸਨ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਡੂੰਘਾਈ ਨਾਲ ਚਰਚਾ ਕਰਦੇ ਸੀ। ਉਨ੍ਹਾਂ ਦੀ ਬੁੱਧੀ ਅਤੇ ਨਿਮਰਤਾ ਹਮੇਸ਼ਾ ਨਜ਼ਰ ਆਉਂਦੀ ਸੀ। ਇਸ ਦੁੱਖ ਦੀ ਘੜੀ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਦੇ ਪਰਿਵਾਰ, ਉਨ੍ਹਾਂ ਦੇ ਦੋਸਤਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਨਾਲ ਮੇਰੀ ਸੰਵੇਦਨਾ ਹੈ”