ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਉੱਥੇ ਰਹਿ ਰਹੇ ਹਜ਼ਾਰਾਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਆਪ੍ਰੇਸ਼ਨ ਸਿੰਧੂ ਸ਼ੁਰੂ ਕੀਤਾ ਹੈ। ਈਰਾਨ ਤੋਂ ਭਾਰਤ ਲਿਆਂਦੇ ਜਾ ਰਹੇ ਵਿਦਿਆਰਥੀਆਂ ਦਾ ਪਹਿਲਾ ਜੱਥਾ ਵੀਰਵਾਰ ਸਵੇਰੇ ਭਾਰਤ ਪਹੁੰਚ ਗਿਆ ਹੈ।
ਪਹਿਲੇ ਜਥੇ ਵਿੱਚ 100 ਤੋਂ ਵੱਧ ਵਿਦਿਆਰਥੀ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ, ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ। ਈਰਾਨ ਵਿੱਚ 4,000 ਤੋਂ ਵੱਧ ਭਾਰਤੀ ਨਾਗਰਿਕ ਰਹਿ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਅੱਧੇ ਵਿਦਿਆਰਥੀ ਹਨ।
ਈਰਾਨ ਵਿੱਚ ਵਿਗੜਦੀ ਸਥਿਤੀ ਦੇ ਵਿਚਕਾਰ ਫਸੇ 110 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਭਾਰਤ ਲਿਆਂਦਾ ਗਿਆ। ਇਨ੍ਹਾਂ ਸਾਰਿਆਂ ਨੂੰ ਲੈ ਕੇ ਇੱਕ ਵਿਸ਼ੇਸ਼ ਉਡਾਣ ਦਿੱਲੀ ਹਵਾਈ ਅੱਡੇ ‘ਤੇ ਉਤਰੀ। ਈਰਾਨ ਵਿੱਚ ਵਿਗੜਦੇ ਹਾਲਾਤਾਂ ਵਿਚਕਾਰ ਭਾਰਤ ਆਏ ਵਿਦਿਆਰਥੀਆ ਨੇ ਕਿਹਾ ਕਿ ਓਥੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ, ਖਾਸ ਕਰਕੇ ਤਹਿਰਾਨ ਵਿੱਚ ਸਥਿਤੀ ਬਹੁਤ ਗੰਭੀਰ ਹੈ। ਡਰ ਦਾ ਮਾਹੌਲ ਸੀ, ਪਰ ਹੁਣ ਭਾਰਤ ਪਹੁੰਚਣ ਤੋਂ ਬਾਅਦ ਰਾਹਤ ਮਿਲੀ ਹੈ।