ਮਹਾਕੁੰਭ ਭਗਦੜ ਘਟਨਾ ‘ਚ ਦਰਜਨਾਂ ਮੌਤਾਂ ਲਈ ਕੌਣ ਜ਼ਿੰਮੇਵਾਰ? ਕਿੱਥੇ ਹੋਈ ਗਲਤੀ? ਪੜੋ ਪੂਰੀ ਖਬਰ
ਮਹਾਕੁੰਭ ‘ਚ ਮੌਨੀ ਮੱਸਿਆ ਦੇ ਅੰਮ੍ਰਿਤ ਇਸਨਾਨ ਵੇਲੇ ਭਗਦੜ ਦੀ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਮਹਾਕੁੰਭ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਪਰੇਸ਼ਾਨ ਕਰਨ ਵਾਲੀਆਂ ਸਨ। ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਹ ਭਗਦੜ ਕੋਈ ਇਕ ਗਲਤੀ ਨਾਲ ਨਹੀਂ ਵਾਪਰੀ। ਪਿਛਲੇ ਦੋ ਦਿਨਾਂ ਤੋਂ ਹੋ ਰਹੀ ਗਲਤੀਆਂ ਦੀ ਲੜੀ ਕਾਰਨ ਦਰਜਨਾਂ ਲੋਕਾਂ ਦੀ ਜਾਨ ਚਲੀ ਗਈ। ਮੀਡੀਆ ਰਿਪੋਰਟਸ ਅਨੁਸਾਰ ਇਹ ਭਗਦੜ ਮੇਲੇ ਦੀ ਜਿੰਮੇਵਾਰੀ ਸੰਭਾਲ ਰਹੇ ਅਧਿਕਾਰੀਆਂ ਦੀ ਲਾਪਰਵਾਹੀ ਜਾਂ ਗਲਤ ਫੈਸਲਿਆਂ ਦਾ ਨਤੀਜਾ ਸੀ।
ਪੁਲ ਨੂੰ ਬੰਦ ਕਰਨ ਦੇ ਆਦੇਸ਼
ਦੱਸਿਆ ਜਾ ਰਿਹਾ ਹੈ ਕਿ ਮੇਲਾ ਅਧਿਕਾਰੀ ਨੂੰ ਵਧਦੀ ਭੀੜ ਦਾ ਪਤਾ ਸੀ ਪਰ ਉਸ ਨੇ ਗਲਤ ਫੈਸਲਾ ਲੈ ਲਿਆ। ਮੌਨੀ ਮੱਸਿਆ ਕਾਰਨ 27 ਜਨਵਰੀ ਤੋਂ ਹੀ ਪੈਂਟੂਨ ਪੁਲ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ। 27-28 ਨੂੰ ਜ਼ਿਆਦਾਤਰ ਪੁਲ ਬੰਦ ਹੋਣ ਕਾਰਨ ਇੱਕ ਥਾਂ ’ਤੇ ਭਾਰੀ ਭੀੜ ਇਕੱਠੀ ਹੋ ਗਈ। ਜਿਹੜੇ ਸੰਗਮ ਵੱਲ ਸਨ ਉਹ ਅਖਾੜੇ ਵੱਲ ਨਹੀਂ ਜਾ ਸਕਦੇ ਸਨ। ਅਖਾੜੇ ਤੱਕ ਪਹੁੰਚਣ ਲਈ ਲੋਕਾਂ ਨੂੰ ਕਾਫੀ ਸਫਰ ਕਰਨਾ ਪਿਆ। ਜੇਕਰ ਸਾਰੇ ਪੈਂਟੂਨ ਪੁਲ ਚਾਲੂ ਹੁੰਦੇ ਤਾਂ ਸ਼ਰਧਾਲੂ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੇ ਸਨ ਅਤੇ ਭੀੜ ਮੇਲੇ ਵਿੱਚੋਂ ਘਟ ਜਾਂਦੀ। ਜਿਹੜੇ ਲੋਕ ਸੁੱਤੇ ਹੋਏ ਸਨ, ਉਹ ਜ਼ਿਆਦਾਤਰ ਭਗਦੜ ਦਾ ਸ਼ਿਕਾਰ ਹੋਏ। ਕੁੰਭ ਵਿੱਚ ਵੀਆਈਪੀ ਮੂਵਮੈਂਟ ਵੀ ਭੀੜ ਇਕੱਠੀ ਹੋਣ ਦਾ ਵੱਡਾ ਕਾਰਨ ਬਣੀ।
ਬੈਰੀਕੇਡਿੰਗ ਦਾ ਟੁੱਟਣਾ
ਇਸ ਤੋਂ ਇਲਾਵਾ 28 ਜਨਵਰੀ ਨੂੰ ਦੇਰ ਰਾਤ ਹੋਈ ਭਗਦੜ ਦੇ ਹੋਰ ਵੀ ਕਾਰਨ ਸਾਹਮਣੇ ਆਏ ਹਨ। ਪਹਿਲਾਂ ਸੰਗਮ ‘ਤੇ ਜਦ ਭੀੜ ਇਕੱਠੀ ਹੋਣ ਲੱਗੀ ਤਾ ਵੱਡੀ ਗਿਣਤੀ ਵਿੱਚ ਲੋਕ ਬੈਰੀਕੇਡਿੰਗ ਦੇ ਕੋਲ ਹੀ ਸੌਂ ਗਏ। ਜਦੋਂ ਭੀੜ ਵਧੀ ਤਾਂ ਬੈਰੀਕੇਡਿੰਗ ਟੁੱਟ ਗਈ ਅਤੇ ਸੁੱਤੇ ਪਏ ਲੋਕ ਕੁਚਲੇ ਗਏ। ਦੂਜਾ ਕਾਰਨ ਜੋ ਸਾਹਮਣੇ ਆਇਆ ਹੈ ਉਹ ਹੈ ਨਾਗਾ ਸਾਧੂਆਂ ਦੇ ਇਸ਼ਨਾਨ ਲਈ ਆਉਣ ਦੀ ਅਫਵਾਹ। ਦੱਸ ਦਈਏ ਭਗਦੜ ਦੀ ਘਟਨਾ ਤੋਂ ਸੀਐਮ ਯੋਗੀ ਵੀ ਦੁਖੀ ਹਨ। ਜਦੋਂ ਸੀਐਮ ਯੋਗੀ ਹਾਦਸੇ ਨੂੰ ਲੈ ਕੇ ਮੀਡੀਆ ਨਾਲ ਗੱਲ ਕਰਨ ਆਏ ਤਾਂ ਉਹ ਭਾਵੁਕ ਹੋ ਗਏ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਹੋਵੇਗੀ ਅਤੇ ਨਿਆਂਇਕ ਕਮਿਸ਼ਨ ਸਮਾਂ ਸੀਮਾ ਅੰਦਰ ਸੂਬਾ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗਾ।
ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ, ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੋਣ ਪ੍ਰਕਿਰਿਆ ਦੀ ਹੋਵੇਗੀ ਵੀਡੀਓਗ੍ਰਾਫੀ