ਮਹਾਕੁੰਭ ਭਗਦੜ ਹਾਦਸੇ ‘ਤੇ ਭਾਵੁਕ ਹੋਏ CM ਯੋਗੀ, ਮ੍ਰਿਤਕਾਂ ਦੇ ਪਰਿਵਾਰ ਲਈ ਆਰਥਿਕ ਮਦਦ ਦਾ ਐਲਾਨ
ਨਵੀ ਦਿੱਲੀ, 30 ਜਨਵਰੀ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਹਾਕੁੰਭ ਦੌਰਾਨ ਭਗਦੜ ਨੂੰ ‘ਮੰਦਭਾਗਾ ਹਾਦਸਾ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੰਗਮ ਤੱਤ ‘ਤੇ ਵਾਪਰੇ ਇਸ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 25-25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਹੋਵੇਗੀ ਅਤੇ ਨਿਆਂਇਕ ਕਮਿਸ਼ਨ ਸਮਾਂ ਸੀਮਾ ਅੰਦਰ ਸੂਬਾ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗਾ। ਸੀਐਮ ਯੋਗੀ ਨੇ ਕਿਹਾ ਕਿ ਅਸੀਂ ਘਟਨਾ ਦੀ ਨਿਆਂਇਕ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ।
36 ਜ਼ਖਮੀ ਹਸਪਤਾਲ ‘ਚ ਇਲਾਜ ਅਧੀਨ
ਸੀਐਮ ਯੋਗੀ ਨੇ ਦੱਸਿਆ ਕਿ ਇਸ ਭਗਦੜ ਵਿੱਚ 90 ਤੋਂ ਵੱਧ ਲੋਕ ਗੰਭੀਰ ਜਾਂ ਮਾਮੂਲੀ ਰੂਪ ਵਿੱਚ ਜ਼ਖਮੀ ਹੋਏ ਹਨ, ਜਦੋਂ ਕਿ 30 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ 36 ਜ਼ਖਮੀ ਹਸਪਤਾਲ ‘ਚ ਇਲਾਜ ਅਧੀਨ ਹਨ, ਜਦਕਿ ਬਾਕੀ ਜ਼ਖਮੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਆਪਣੇ ਨਾਲ ਲੈ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ, ਪੁਲਿਸ, ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤਨਦੇਹੀ ਨਾਲ ਕੰਮ ਕੀਤਾ ਅਤੇ ਹਰ ਸੰਭਵ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।