ਅਮਰੀਕਾ ‘ਚੋਂ ਭਾਰਤੀਆਂ ਨੂੰ ਕੱਢਣ ‘ਤੇ ਜੈਸ਼ੰਕਰ ਦੀ ਪ੍ਰਤੀਕਿਰਿਆ ਆਈ ਸਾਹਮਣੇ, ਕਿਹਾ- “ਇਹ ਪਹਿਲੀ ਵਾਰ ਨਹੀਂ.. “
ਨਵੀ ਦਿੱਲੀ, 6 ਫਰਵਰੀ: ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਭਾਰਤ ਵਾਪਸੀ ਤੋਂ ਬਾਅਦ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਨਾਗਰਿਕਾਂ ਨੂੰ ਵਾਪਸ ਲਿਆਉਣਾ ਦੇਸ਼ਾਂ ਦੀ ‘ਜ਼ਿੰਮੇਵਾਰੀ’ ਦੱਸਿਆ ਹੈ। ਬੁੱਧਵਾਰ ਨੂੰ ਹੀ ਅਜਿਹੇ 100 ਤੋਂ ਵੱਧ ਭਾਰਤੀ ਅੰਮ੍ਰਿਤਸਰ ਪਰਤੇ ਹਨ। ਭਾਰਤ ਵਾਪਸੀ ਦੇ ਤਰੀਕਿਆਂ ਨੂੰ ਲੈ ਕੇ ਵਿਰੋਧੀ ਧਿਰ ਵੀ ਜ਼ੋਰਦਾਰ ਵਿਰੋਧ ਕਰ ਰਹੀ ਹੈ।
ਦੇਸ਼ ਨਿਕਾਲੇ ਦੀ ਪ੍ਰਕਿਰਿਆ ਨਵੀਂ ਨਹੀਂ
ਐਸ ਜੈਸ਼ੰਕਰ ਨੇ ਰਾਜ ਸਭਾ ‘ਚ ਕਿਹਾ ਕਿ ‘ਇਹ ਸਾਰੇ ਦੇਸ਼ਾਂ ਦੀ ਜ਼ਿੰਮੇਵਾਰੀ ਹੈ ਕਿ ਜੇਕਰ ਉਹ ਵਿਦੇਸ਼ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੇ ਨਾਗਰਿਕਾਂ ਨੂੰ ਵਾਪਸ ਲਿਆ ਜਾਵੇ।’ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨਵੀਂ ਨਹੀਂ ਹੈ। ਅਜਿਹਾ 2009 ਤੋਂ ਹੋ ਰਿਹਾ ਹੈ। ਅਸੀਂ ਕਦੇ ਵੀ ਗੈਰ-ਕਾਨੂੰਨੀ ਹਰਕਤਾਂ ਦੇ ਹੱਕ ਵਿੱਚ ਨਹੀਂ ਹਾਂ। ਇਸ ਨਾਲ ਕਿਸੇ ਵੀ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਹੋ ਸਕਦਾ ਹੈ।
ਵੇਰਵਾ ਕੀਤਾ ਸਾਂਝਾ
ਵਿਦੇਸ਼ ਮੰਤਰੀ ਨੇ ਸਦਨ ’ਚ 2009 ਤੋਂ 2025 ਤੱਕ ਵਾਪਿਸ ਭੇਜੇ ਗਏ ਲੋਕਾਂ ਦਾ ਵੇਰਵਾ ਵੀ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 2009 ਵਿੱਚ 734, 2010 ਵਿੱਚ 799, 2011 ਵਿੱਚ 597, 2012 ਵਿੱਚ 530, 2013 ਵਿੱਚ 550, 2014 ਵਿੱਚ 591, 2015 ਵਿੱਚ 708, 2016 ਵਿੱਚ 1303, 2017 ਵਿੱਚ 1024, 2018 ਵਿੱਚ 1180, 2019 ਵਿੱਚ 2042, 2020 ਵਿੱਚ 1889, 2021 ਵਿੱਚ 805, 2022 ਵਿੱਚ 862, 2023 ਵਿੱਚ 670, 2024 ਵਿੱਚ 1368 ਅਤੇ 2025 ਵਿੱਚ 104 ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ।