ਭਾਰਤੀ ਕ੍ਰਿਕਟ ਟੀਮ ਵੱਲੋਂ ਸਾਬਕਾ PM ਨੂੰ ਸ਼ਰਧਾਂਜਲੀ, ਕਾਲੀ ਪੱਟੀ ਬੰਨ੍ਹ ਕੇ ਮੈਦਾਨ ‘ਚ ਉਤਰੇ ਖਿਡਾਰੀ
ਨਵੀ ਦਿੱਲੀ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦੇਰ ਰਾਤ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। 26 ਦਸੰਬਰ ਦੀ ਰਾਤ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਦੁਨੀਆ ਭਰ ਤੋਂ ਲੋਕ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਭਾਰਤੀ ਟੀਮ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ‘ਤੇ ਸੋਗ ਜਤਾਉਂਦਿਆਂ ਬਾਂਹ ‘ਤੇ ਕਾਲੀ ਪੱਟੀ ਬੰਨ੍ਹ ਕੇ ਸ਼ਰਧਾਂਜਲੀ ਦਿੱਤੀ।
ਬਾਰਡਰ ਗਾਵਸਕਰ ਟਰਾਫੀ ਦੇ ਚੌਥੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਟੀਮ ਦੇ ਸਾਰੇ ਖਿਡਾਰੀ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਏ। ਟੀਮ ਦੀ ਅਗਵਾਈ ਕਰਦੇ ਹੋਏ ਭਾਰਤੀ ਕਪਤਾਨ ਰੋਹਿਤ ਸ਼ਰਮਾ ਬਾਂਹ ‘ਤੇ ਕਾਲੀ ਪੱਟੀ ਬੰਨ੍ਹ ਕੇ ਮੈਦਾਨ ‘ਚ ਉਤਰੇ।
ਹਰਭਜਨ ਸਿੰਘ ਨੇ ਜਤਾਇਆ ਸੋਗ
ਭਾਰਤੀ ਟੀਮ ਦੇ ਹੋਰ ਖਿਡਾਰੀਆਂ ਨੇ ਵੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ ‘ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਸੋਗ ਪ੍ਰਗਟ ਕੀਤਾ ਹੈ। ਸਾਬਕਾ ਸਪਿੰਨਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ‘ਤੇ ਲਿਖਿਆ: “ਸਾਬਕਾ ਪ੍ਰਧਾਨ ਮੰਤਰੀ, ਇੱਕ ਪੂਰਨ ਸੱਜਣ ਅਤੇ ਦੂਰਦਰਸ਼ੀ ਨੇਤਾ, ਡਾ. ਮਨਮੋਹਨ ਸਿੰਘ ਜੀ ਦੇ ਅਚਾਨਕ ਦਿਹਾਂਤ ਦੀ ਖਬਰ ਤੋਂ ਦੁਖੀ ਹਾਂ।”