ਕੜਾਕੇ ਦ ਗਰਮੀ ਵਿਚਕਾਰ ਮੌਸਮ ਵਿੱਚ ਅਚਾਨਕ ਆਏ ਬਦਲਾਅ ਕਾਰਨ ਲੋਕਾਂ ਨੂੰ ਵਧਦੇ ਤਾਪਮਾਨ ਤੋਂ ਰਾਹਤ ਤਾਂ ਮਿਲੀ, ਪਰ ਮੀਂਹ ਨੇ ਤਬਾਹੀ ਵੀ ਮਚਾ ਦਿੱਤੀ। ਦਿੱਲੀ-ਐਨਸੀਆਰ ਸਮੇਤ ਕਈ ਰਾਜਾਂ ਵਿੱਚ ਬਿਜਲੀ ਦੇ ਖੰਭੇ ਅਤੇ ਦਰੱਖਤ ਡਿੱਗਣ ਕਾਰਨ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਕਈ ਥਾਵਾਂ ‘ਤੇ, ਦਿਨ ਵੇਲੇ ਹੀ ਰਾਤ ਵਰਗਾ ਦ੍ਰਿਸ਼ ਦਿਖਾਈ ਦੇਣ ਲੱਗਾ ਸੀ। ਮੌਸਮ ਵਿਭਾਗ ਅਨੁਸਾਰ, ਅਗਲੇ ਹਫ਼ਤੇ ਆਉਣ ਵਾਲਾ ਮਾਨਸੂਨ ਦਹਿਲੀਜ਼ ‘ਤੇ ਹੈ।
ਅਗਲੇ ਦੋ ਤਿੰਨ ਦਿਨਾਂ ਤਕ ਮਾਨਸੂਨ ਦੇ ਕੇਰਲ ਪਹੁੰਚਣ ਦੀ ਸੰਭਾਵਨਾ ਹੈ। ਪਰ ਮਾਨਸੂਨ ਦੇ ਆਉਣ ਤੋਂ ਪਹਿਲਾਂ, ਪੱਛਮੀ ਘਾਟ ਦੇ ਕੁਝ ਹਿੱਸਿਆਂ, ਕਰਨਾਟਕ ਤੋਂ ਮਹਾਰਾਸ਼ਟਰ ਤੱਕ ਦੇ ਕਈ ਇਲਾਕਿਆਂ ਵਿੱਚ ਗਰਜ-ਤੂਫ਼ਾਨ ਦੇ ਨਾਲ ਭਾਰੀ ਬਾਰਿਸ਼ ਜਾਰੀ ਹੈ। ਪਾਲਘਰ ਜ਼ਿਲ੍ਹੇ ਦੇ ਨਾਲਾ ਸੋਪਾਰਾ ਵਿੱਚ ਭਾਰੀ ਮੀਂਹ ਕਾਰਨ ਇੱਕ ਘਰ ਦੀ ਬਾਲਕੋਨੀ ਢਹਿ ਗਈ।
ਰਾਸ਼ਟਰੀ ਰਾਜਧਾਨੀ ਦਿੱਲੀ-ਐਨਸੀਆਰ ਸਮੇਤ ਉੱਤਰ, ਪੱਛਮੀ ਅਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਗਰਜ ਨਾਲ ਤਬਾਹੀ ਮਚੀ। ਭਾਰੀ ਮੀਂਹ ਕਾਰਨ ਪੁਣੇ ਅਤੇ ਬੰਗਲੁਰੂ ਵਰਗੇ ਵੱਡੇ ਸ਼ਹਿਰਾਂ ਵਿੱਚ ਪਾਣੀ ਭਰ ਗਿਆ ਅਤੇ ਸੜਕਾਂ ਜਾਮ ਹੋ ਗਈਆਂ ਹਨ। ਮੀਂਹ ਦਾ ਪਾਣੀ ਅਜੇ ਵੀ ਕਈ ਘਰਾਂ ਵਿੱਚ ਵੜਿਆ ਹੋਇਆ ਹੈ। ਕਈ ਥਾਵਾਂ ‘ਤੇ ਦਰੱਖਤ ਡਿੱਗਣ ਕਾਰਨ ਸੜਕਾਂ ਬੰਦ ਹਨ ਅਤੇ ਬਿਜਲੀ ਵੀ ਗੁੱਲ ਹੈ।