ਮਾਤਮ ਚ ਬਦਲੀਆਂ ਖੁਸ਼ੀਆਂ! ਪਾਣੀਪਤ-ਰੋਹਤਕ ਰੋਡ ‘ਤੇ ਪਲਟੀ ਲਾੜਾ-ਲਾੜੀ ਦੀ ਕਾਰ, ਦੋਵੇਂ ਜ਼ਖਮੀ; ਲਾੜੇ ਦੇ ਭਰਾ ਦੀ ਮੌਤ
ਹਰਿਆਣਾ ਦੇ ਸੋਨੀਪਤ ‘ਚ ਹਾਦਸੇ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਯਮੁਨਾਨਗਰ ‘ਚ ਲਾੜੀ ਦੇ ਘਰ ਮਿਲਣੀ ਤੋਂ ਬਾਅਦ ਵਾਪਸ ਆ ਰਹੇ ਪਰਿਵਾਰ ਦੀ ਕਾਰ ਪਾਣੀਪਤ-ਰੋਹਤਕ ਰੋਡ ‘ਤੇ ਬੀਤੀ ਰਾਤ ਅਚਾਨਕ ਪਲਟ ਗਈ। ਇਸ ਹਾਦਸੇ ‘ਚ ਲਾੜੇ ਦੇ ਭਰਾ ਦੀ ਮੌਤ ਹੋ ਗਈ, ਜਦਕਿ ਲਾੜਾ-ਲਾੜੀ ਜ਼ਖਮੀ ਹੋ ਗਏ। ਲਾੜੇ ਦਾ ਭਰਾ ਕਾਰ ਚਲਾ ਰਿਹਾ ਸੀ।
ਅੱਖ ਲੱਗਣ ਕਾਰਨ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਸੋਨੀਪਤ ਦੇ ਆਦਰਸ਼ ਨਗਰ ਗੋਹਾਨਾ ਦੇ ਰਹਿਣ ਵਾਲੇ ਸੁਰਿੰਦਰ ਮਾਨ ਪੁੱਤਰ ਅੰਕਿਤ ਮਾਨ ਦਾ ਵਿਆਹ 3 ਮਾਰਚ ਨੂੰ ਯਮੁਨਾਨਗਰ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਬੁੱਧਵਾਰ ਨੂੰ ਅੰਕਿਤ ਆਪਣੀ ਪਤਨੀ ਅਤੇ ਛੋਟੇ ਭਰਾ ਰਵੀ ਮਾਨ ਨਾਲ ਯਮੁਨਾਨਗਰ ਸਥਿਤ ਦੁਲਹਨ ਦੇ ਘਰ ਮਿਲਣੀ ਲਈ ਗਿਆ ਸੀ। ਕਾਰ ਨੂੰ ਲਾੜੇ ਅੰਕਿਤ ਦਾ ਭਰਾ ਰਵੀ ਚਲਾ ਰਿਹਾ ਸੀ। ਰਾਤ ਕਰੀਬ 11 ਵਜੇ ਉਨ੍ਹਾਂ ਦੀ ਕਾਰ ਪਾਣੀਪਤ-ਰੋਹਤਕ ਰੋਡ ‘ਤੇ ਪਿੰਡ ਚਿਡਾਨਾ ਨੇੜੇ ਪਹੁੰਚੀ।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਵੀ ਦੀ ਅੱਖ ਲੱਗਣ ਕਾਰਨ ਕਾਰ ਬੇਕਾਬੂ ਹੋ ਕੇ ਹਾਈਵੇਅ ‘ਤੇ ਪਲਟ ਗਈ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਆਂਦਾ ਗਿਆ ਹੈ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।