ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਯੂਕੋ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੁਬੋਧ ਕੁਮਾਰ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੋਲਕਾਤਾ ਦੀ ਇੱਕ ਕੰਪਨੀ ਨਾਲ ਸਬੰਧਤ 6,200 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਬੈਂਕ ਲੋਨ ਧੋਖਾਧੜੀ ਮਾਮਲੇ ਵਿੱਚ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਉਸ ਵਿਰੁੱਧ ਕਾਰਵਾਈ ਕੀਤੀ ਗਈ ਹੈ।
ਗੋਇਲ ਨੂੰ ਕੌਨਕਾਸਟ ਸਟੀਲ ਐਂਡ ਪਾਵਰ ਲਿਮਟਿਡ (ਸੀਐਸਪੀਐਲ) ਅਤੇ ਹੋਰਾਂ ਵਿਰੁੱਧ ਜਾਂਚ ਦੇ ਸਬੰਧ ਵਿੱਚ 16 ਮਈ ਨੂੰ ਇੱਥੇ ਉਨ੍ਹਾਂ ਦੇ ਨਿਵਾਸ ਤੋਂ ਹਿਰਾਸਤ ਚ ਲਿਆ ਗਿਆ ਸੀ। ਸੰਘੀ ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ 17 ਮਈ ਨੂੰ ਕੋਲਕਾਤਾ ਵਿੱਚ ਇੱਕ ਵਿਸ਼ੇਸ਼ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸਨੇ ਉਸਨੂੰ 21 ਮਈ ਤੱਕ ਈਡੀ ਹਿਰਾਸਤ ਵਿੱਚ ਭੇਜ ਦਿੱਤਾ। ਇਸ ਜਾਂਚ ਦੇ ਹਿੱਸੇ ਵਜੋਂ, ਈਡੀ ਨੇ ਅਪ੍ਰੈਲ ਵਿੱਚ ਗੋਇਲ ਅਤੇ ਕੁਝ ਹੋਰਾਂ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ ਸੀ।
ਈਡੀ ਨੇ ਦਾਅਵਾ ਕੀਤਾ ਹੈ ਕਿ ਯੂਕੋ ਬੈਂਕ ਦੇ ਸੀਐਮਡੀ ਵਜੋਂ ਗੋਇਲ ਦੇ ਕਾਰਜਕਾਲ ਦੌਰਾਨ, ਸੀਐਸਪੀਐਲ ਨੂੰ ਵੱਡੀਆਂ ਕ੍ਰੈਡਿਟ ਸਹੂਲਤਾਂ “ਮਨਜ਼ੂਰ” ਕੀਤੀਆਂ ਗਈਆਂ ਸਨ। ਜਿਨ੍ਹਾਂ ਨੂੰ ਫਿਰ ਉਧਾਰ ਲੈਣ ਵਾਲੇ ਸਮੂਹ ਤੋਂ “ਡਾਈਵਰਟ” ਅਤੇ “ਟ੍ਰਾਂਸਫਰ” ਕੀਤਾ ਗਿਆ। ਦੋਸ਼ ਹਨ ਕਿ ਬਦਲੇ ਵਿੱਚ, ਗੋਇਲ ਨੂੰ CSPL ਤੋਂ “ਕਾਫ਼ੀ ਰਿਸ਼ਵਤ” ਮਿਲੀ।