ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬੀਤੇ ਕੱਲ੍ਹ ਯਾਨੀ ਕਿ ਵੀਰਵਾਰ ਨੂੰ ਬਿਹਾਰ ਵਿੱਚ 7 ਘੰਟੇ ਰਹੇ। ਉਹ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਦਰਭੰਗਾ ਦੇ ਹੋਸਟਲ ਪਹੁੰਚੇ ਅਤੇ 12 ਮਿੰਟ ਲਈ ਸਟੇਜ ਤੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਵਿਰੁੱਧ ਦਰਭੰਗਾ ਵਿੱਚ ਬਿਨਾਂ ਇਜਾਜ਼ਤ ਹੋਸਟਲ ਜਾਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ ਜ਼ਿਲ੍ਹਾ ਭਲਾਈ ਅਧਿਕਾਰੀ ਆਲੋਕ ਕੁਮਾਰ ਨੇ ਦਰਜ ਕਰਵਾਈ ਹੈ।
ਦੱਸ ਦਈਏ ਕਿ ਦਰਭੰਗਾ ਤੋਂ ਪਟਨਾ ਆਉਣ ਤੋਂ ਬਾਅਦ ਰਾਹੁਲ ਨੇ 400 ਸਮਾਜ ਸੇਵਕਾਂ ਨਾਲ ‘ਫੂਲੇ’ ਫਿਲਮ ਦੇਖੀ।
ਸਿਟੀ ਸੈਂਟਰ ਦੇ ਆਈਨੌਕਸ ਮੂਵੀ ਥੀਏਟਰ ਦੇ ਆਡੀਟੋਰੀਅਮ-1 ਵਿੱਚ ਦੁਪਹਿਰ 2.20 ਵਜੇ ਤੋਂ 5.20 ਵਜੇ ਤੱਕ ਵਾਲੇ ਸ਼ੋਅ ਲਈ 400 ਟਿਕਟਾਂ ਬੁੱਕ ਕੀਤੀਆਂ ਗਈਆਂ ਸਨ। ਫਿਲਮ ‘ਫੂਲੇ’ ਦੇ ਸ਼ੋਅ ਲਈ ਵਿਸ਼ੇਸ਼ ਪਾਸ ਵੰਡੇ ਗਏ। ਇਸ ‘ਤੇ ਰਾਹੁਲ ਗਾਂਧੀ ਦੀ ਫੋਟੋ ਸੀ ਅਤੇ ਉਨ੍ਹਾਂ ਨੂੰ ‘ਸਮਾਜਿਕ ਨਿਆਂ ਦਾ ਨਾਇਕ’ ਦੱਸਿਆ ਗਿਆ ਸੀ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜੇਸ਼ ਰਾਮ ਦੀ ਫੋਟੋ ਵੀ ਸੀ। ਫਿਲਮ ਦੇਖਣ ਤੋਂ ਬਾਅਦ ਉਨਾਂ ਨੇ ਕਿਹਾ, ‘ਇਹ ਵਧੀਆ ਫਿਲਮ ਸੀ, ਸਾਰਿਆਂ ਨੂੰ ਇਹ ਦੇਖਣੀ ਚਾਹੀਦੀ ਹੈ’। ਫਿਰ ਸ਼ਾਮ 5.30 ਵਜੇ ਰਾਹੁਲ ਪਟਨਾ ਤੋਂ ਦਿੱਲੀ ਲਈ ਰਵਾਨਾ ਹੋ ਗਏ।