ED ਦੀ ਵੱਡੀ ਕਾਰਵਾਈ, ਨੀਰਵ ਮੋਦੀ ਦੀ 253 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਕੀਤੀ ਜ਼ਬਤ

0
217

ਦੇਸ਼ ਛੱਡ ਕੇ ਭੱਜੇ ਹੀਰਾ ਵਪਾਰੀ ਨੀਰਵ ਮੋਦੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਦਰਅਸਲ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਨੀਰਵ ਮੋਦੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਪੀਐਨਬੀ (PNB) ਮਾਮਲੇ ਵਿੱਚ ਲੋੜੀਂਦੇ ਵਿਅਕਤੀਆਂ ਨਾਲ ਜੁੜੀ ਲਗਭਗ 253.62 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਕੇਂਦਰੀ ਏਜੰਸੀ ਮੁਤਾਬਕ ਸਾਰੀਆਂ ਚੱਲ ਜਾਇਦਾਦਾਂ ਹਾਂਗਕਾਂਗ ਵਿੱਚ ਹਨ।

ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਂਗਕਾਂਗ ਵਿੱਚ ਨੀਰਵ ਮੋਦੀ ਸਮੂਹ ਦੀਆਂ ਕੰਪਨੀਆਂ ਦੀਆਂ ਕੁਝ ਸੰਪਤੀਆਂ ਦੀ ਪਛਾਣ ‘ਤਿਜੋਰੀਆਂ’ ਵਿੱਚ ਰੱਖੇ ਗਏ ਹੀਰੇ ਅਤੇ ਗਹਿਣਿਆਂ ਅਤੇ ਉੱਥੇ ਦੇ ਖਾਤਿਆਂ ਵਿੱਚ ਜਮ੍ਹਾਂ ਦੇ ਰੂਪ ਵਿੱਚ ਕੀਤੀ ਗਈ ਹੈ। ਇਨ੍ਹਾਂ ਜਾਇਦਾਦਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੀਆਂ ਧਾਰਾਵਾਂ ਤਹਿਤ ਅਸਥਾਈ ਤੌਰ ‘ਤੇ ਅਟੈਚ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਬੈਂਕ ਖਾਤਿਆਂ ਵਿੱਚ 3.098 ਮਿਲੀਅਨ (ਅਮਰੀਕੀ) ਡਾਲਰ ਅਤੇ 57.5 ਮਿਲੀਅਨ ਹਾਂਗਕਾਂਗ ਡਾਲਰ ਜਮ੍ਹਾ ਹਨ, ਜੋ ਕਿ 253.62 ਕਰੋੜ ਰੁਪਏ (22 ਜੁਲਾਈ 2022 ਤੱਕ) ਦੇ ਬਰਾਬਰ ਹੈ।

51 ਸਾਲਾ ਨੀਰਵ ਮੋਦੀ ਇਸ ਸਮੇਂ ਬ੍ਰਿਟੇਨ ਦੀ ਜੇਲ ‘ਚ ਕੈਦ ਹੈ। ਉਹ ਪੰਜਾਬ ਨੈਸ਼ਨਲ ਬੈਂਕ (PNB) ਤੋਂ 2 ਬਿਲੀਅਨ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਹੈ। ਸੀਬੀਆਈ (CBI) ਮਾਮਲੇ ਦੀ ਜਾਂਚ ਕਰ ਰਹੀ ਹੈ।

ਈਡੀ ਨੇ ਕਿਹਾ ਕਿ ਨੀਰਵ ਮੋਦੀ ਦੇ ਖਿਲਾਫ ਲੰਡਨ ਵਿਚ ਹਵਾਲਗੀ ਦੀ ਕਾਰਵਾਈ ਆਖਰੀ ਪੜਾਅ ‘ਤੇ ਹੈ। ਕੇਂਦਰੀ ਏਜੰਸੀ ਨੇ ਕਿਹਾ ਕਿ ਹਾਂਗਕਾਂਗ ‘ਚ ਨੀਰਵ ਮੋਦੀ ਦੀ ਇਸ ਸੰਪਤੀ ਨੂੰ ਜ਼ਬਤ ਕਰਨ ਨਾਲ ਹੁਣ ਤੱਕ ਉਸ ਦੀ ਕੁੱਲ 2,650.07 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਈਡੀ ਨੇ ਕਿਹਾ, “ਇਸ ਤੋਂ ਇਲਾਵਾ, ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਦੇ ਹੁਕਮਾਂ ‘ਤੇ ਭਗੌੜੇ ਆਰਥਿਕ ਅਪਰਾਧੀ ਕਾਨੂੰਨ, 2018 ਦੇ ਪ੍ਰਬੰਧਾਂ ਦੇ ਤਹਿਤ ਨੀਰਵ ਮੋਦੀ ਅਤੇ ਉਸਦੇ ਸਾਥੀਆਂ ਦੀ 1,389 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਵੀ ਕੁਰਕ ਕੀਤੀ ਗਈ ਹੈ।” ਏਜੰਸੀ ਨੇ ਕਿਹਾ ਜ਼ਬਤ ਕੀਤੀਆਂ ਗਈਆਂ ਕੁਝ ਜਾਇਦਾਦਾਂ ਪ੍ਰਭਾਵਿਤ ਬੈਂਕਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਈਡੀ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ  ਕੁਝ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਧੋਖਾਧੜੀ ਦਾ ਮਾਮਲਾ ਪੀਐਨਬੀ (PNB) ਦੀ ਮੁੰਬਈ ਸਥਿਤ ਬ੍ਰੈਡੀ ਹਾਊਸ ਸ਼ਾਖਾ ਨਾਲ ਸਬੰਧਤ ਹੈ।

LEAVE A REPLY

Please enter your comment!
Please enter your name here