ਦਿੱਲੀ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਦੀ ਧਮਕੀ, ਪੁਲਿਸ-ਫਾਇਰ ਬ੍ਰਿਗੇਡ ਮੌਕੇ ‘ਤੇ ਮੌਜੂਦ
ਨਵੀ ਦਿੱਲੀ: ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮੰਗਲਵਾਰ ਸਵੇਰੇ ਫਿਰ ਤੋਂ ਕੁਝ ਸਕੂਲਾਂ ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਦੱਖਣੀ ਦਿੱਲੀ ਅਤੇ ਉੱਤਰ ਪੱਛਮੀ ਦਿੱਲੀ ਦੇ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ।
ਸਕੂਲ ਦੀ ਇਮਾਰਤ ਨੂੰ ਕਰਵਾਇਆ ਗਿਆ ਖਾਲੀ
ਪ੍ਰਾਪਤ ਜਾਣਕਾਰੀ ਅਨੁਸਾਰ ਦੱਖਣੀ ਦਿੱਲੀ ਦੇ ਇੰਡੀਅਨ ਪਬਲਿਕ ਸਕੂਲ ਅਤੇ ਉੱਤਰ ਪੱਛਮੀ ਦਿੱਲੀ ਦੇ ਸਰਸਵਤੀ ਵਿਹਾਰ ਦੇ ਇੱਕ ਸਕੂਲ ਨੂੰ ਧਮਕੀਆਂ ਮਿਲੀਆਂ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ, ਫਾਇਰ ਬ੍ਰਿਗੇਡ ਅਤੇ ਬੰਬ ਨਿਰੋਧਕ ਦਸਤੇ ਨੂੰ ਸਕੂਲ ਭੇਜਿਆ ਗਿਆ। ਸਾਵਧਾਨੀ ਦੇ ਤੌਰ ‘ਤੇ ਪੁਲਿਸ ਨੇ ਸਕੂਲ ਦੀ ਇਮਾਰਤ ਨੂੰ ਖਾਲੀ ਕਰਵਾ ਲਿਆ ਹੈ ਅਤੇ ਹਰ ਪਾਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੱਲੀ ਪੁਲਿਸ ਨੇ ਦਿੱਤੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦਿੱਲੀ ਦੇ ਡੀਪੀਐਸ ਸਮੇਤ ਛੇ ਸਕੂਲਾਂ ਨੂੰ ਧਮਕੀ ਭਰਿਆ ਈ-ਮੇਲ ਭੇਜਿਆ ਗਿਆ ਸੀ। ਹਾਲਾਂਕਿ, ਘੰਟਿਆਂ ਦੀ ਜਾਂਚ ਤੋਂ ਬਾਅਦ ਕੁਝ ਵੀ ਸ਼ੱਕੀ ਨਹੀਂ ਮਿਲਿਆ, ਇਸ ਲਈ ਪੁਲਿਸ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ।