ਦਿੱਲੀ ਚੋਣਾਂ ਲਈ ‘ਆਪ’ ਵੱਲੋਂ ਮੈਨੀਫੈਸਟੋ ਜਾਰੀ, ਕੇਜਰੀਵਾਲ ਨੇ ਜਾਰੀ ਕੀਤੀਆਂ 15 ਗਾਰੰਟੀਆਂ
ਨਵੀ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 2025 ਦੌਰਾਨ ਸਿਆਸੀ ਪਾਰਟੀਆਂ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ (ਆਪ) ਨੇ ਅੱਜ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਪਾਰਟੀ ਨੇ ਦਿੱਲੀ ਦੇ ਲੋਕਾਂ ਨੂੰ 15 ਗਾਰੰਟੀਆਂ ਦਾ ਵਾਅਦਾ ਕੀਤਾ ਹੈ। ਇਸ ਗਾਰੰਟੀ ਵਿੱਚ ਰੁਜ਼ਗਾਰ ਗਾਰੰਟੀ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਭਾਜਪਾ ਆਪਣੇ ਚੋਣ ਮਨੋਰਥ ਪੱਤਰ ਦੇ ਤਿੰਨੋਂ ਹਿੱਸੇ ਜਾਰੀ ਕਰ ਚੁੱਕੀ ਹੈ। ਦਿੱਲੀ ਵਿੱਚ 5 ਫਰਵਰੀ ਨੂੰ ਵੋਟਿੰਗ ਹੋਣੀ ਹੈ। ਚੋਣ ਨਤੀਜੇ 8 ਫਰਵਰੀ ਨੂੰ ਆਉਣਗੇ। ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਨੇ ਚੋਣ ਪ੍ਰਚਾਰ ਵਿੱਚ ਆਪਣੀ ਪੂਰੀ ਵਾਹ ਲਗਾਈ ਹੋਈ ਹੈ।
ਕੇਜਰੀਵਾਲ ਦੀ ਗਾਰੰਟੀ ਦਾ ਮਤਲਬ ਪੱਕੀ ਗੱਲ
ਕੇਜਰੀਵਾਲ ਨੇ ਕਿਹਾ, “ਕੇਜਰੀਵਾਲ ਦੀ ਗਾਰੰਟੀ ਦਾ ਮਤਲਬ ਪੱਕੀ ਗੱਲ ਹੈ। ਭਾਜਪਾ ਅਤੇ ਕਾਂਗਰਸ ਵਾਂਗ, ਹੋਰ ਪਾਰਟੀਆਂ ਚੋਣਾਂ ਵਿੱਚ ਜੋ ਵੀ ਐਲਾਨ ਕਰਦੀਆਂ ਹਨ, ਉਹ ਸਿਰਫ ਚੁਣਾਵੀ ਜੁਮਲੇ ਹੁੰਦੇ ਹਨ।ਕੇਜਰੀਵਾਲ ਨੇ ਕਿਹਾ ਕਿ “ਦਿੱਲੀ ਵਾਸੀਆਂ ਨਾਲ ਸਾਡਾ ਰਿਸ਼ਤਾ ਵਾਅਦਿਆਂ ਦਾ ਨਹੀਂ ਸਗੋਂ ਗਾਰੰਟੀ ਦਾ ਹੈ। ਇਹ “ਕੇਜਰੀਵਾਲ ਦੀ ਗਾਰੰਟੀ” ਹੈ, ਜੋ ਕਿਹਾ ਹੈ ਉਹ ਕਰ ਕੇ ਦਿਖਾਵਾਂਗੇ। ਅੱਜ ਅਸੀਂ 15 ਗਾਰੰਟੀਆਂ ਜਾਰੀ ਕਰ ਰਹੇ ਹਾਂ। ਇਹ ਕੇਜਰੀਵਾਲ ਦੀਆਂ ਗਾਰੰਟੀਆਂ ਹਨ ਜੋ ਅਗਲੇ 5 ਸਾਲਾਂ ਵਿੱਚ ਪੂਰੀਆਂ ਹੋਣਗੀਆਂ।” ਉਨ੍ਹਾਂ ਕਿਹਾ ਕਿ ਪਹਿਲੀ ਗਾਰੰਟੀ ਰੁਜ਼ਗਾਰ ਦੀ ਗਰੰਟੀ ਹੈ।
ਦਿੱਲੀ ਵਾਸੀਆਂ ਲਈ ਵੱਡੇ ਐਲਾਨ
‘ਆਪ’ ਵੱਲੋਂ ਜਾਰੀ ਚੋਣ ਮੈਨੀਫੈਸਟੋ ‘ਚ ਔਰਤਾਂ ਲਈ 2100 ਰੁਪਏ ਪ੍ਰਤੀ ਮਹੀਨਾ, ਬਜ਼ੁਰਗਾਂ ਦਾ ਮੁਫ਼ਤ ਇਲਾਜ, ਪਾਣੀ ਦਾ ਬਿੱਲ, ਪੁਜਾਰੀਆਂ-ਗ੍ਰੰਥੀਆਂ ਨੂੰ ਹਰ ਮਹੀਨੇ 18 ਹਜ਼ਾਰ ਰੁਪਏ, ਸਕਾਲਰਸ਼ਿਪ ਗਾਰੰਟੀ, ਸੀਵਰ ਗਾਰੰਟੀ, ਗਰੀਬਾਂ ਲਈ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਸਹੂਲਤ ਸਮੇਤ ਕਈ ਵੱਡੇ ਐਲਾਨ ਕੀਤੇ ਗਏ ਹਨ।