JP ਨੱਡਾ ਨੇ ਬੀਜੇਪੀ ਦਾ ਸੰਕਲਪ ਪੱਤਰ ਕੀਤਾ ਜਾਰੀ, ਬਜ਼ੁਰਗਾਂ ਅਤੇ ਔਰਤਾਂ ਲਈ ਕੀਤਾ ਵੱਡਾ ਐਲਾਨ
ਨਵੀ ਦਿੱਲੀ : ਭਾਜਪਾ ਨੇ ਸ਼ੁੱਕਰਵਾਰ ਨੂੰ ਦਿੱਲੀ ਚੋਣਾਂ ਲਈ ਆਪਣਾ ਸੰਕਲਪ ਪੱਤਰ ਜਾਰੀ ਕੀਤਾ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਸੱਤਾ ਵਿੱਚ ਆਵੇਗੀ ਤਾਂ ਅਸੀਂ ਮੌਜੂਦਾ ਦਿੱਲੀ ਸਰਕਾਰ ਦੀਆਂ ਸਕੀਮਾਂ ਨੂੰ ਬੰਦ ਨਹੀਂ ਕਰਾਂਗੇ। ਅਸੀਂ ਉਨ੍ਹਾਂ ਨੂੰ ਜਾਰੀ ਰੱਖਾਂਗੇ, ਪਰ ਭ੍ਰਿਸ਼ਟਾਚਾਰ ਨੂੰ ਦੂਰ ਕਰਾਂਗੇ।
ਮਹਿਲਾਵਾਂ ਅਤੇ ਬਜ਼ੁਰਗਾਂ ਲਈ ਵੱਡੇ ਐਲਾਨ
ਨੱਡਾ ਨੇ ਐਲਾਨ ਕੀਤਾ ਕਿ ਦਿੱਲੀ ਵਿੱਚ ਮਹਿਲਾਵਾਂ ਨੂੰ 2500 ਰੁਪਏ ਦਿੱਤੇ ਜਾਣਗੇ। ਗੈਸ ਸਿਲੰਡਰ ‘ਤੇ 500 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਨਾਲ ਹੀ ਹੋਲੀ-ਦੀਵਾਲੀ ‘ਤੇ ਇਕ ਸਿਲੰਡਰ ਮੁਫਤ ਦਿੱਤਾ ਜਾਵੇਗਾ। ਗਰਭਵਤੀ ਔਰਤਾਂ ਨੂੰ 21 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਨੱਡਾ ਨੇ ਕਿਹਾ ਕਿ ਦਿੱਲੀ ਵਿੱਚ 60 ਤੋਂ 70 ਸਾਲ ਦੀ ਉਮਰ ਦੇ ਬਜ਼ੁਰਗਾਂ ਦੀ ਪੈਨਸ਼ਨ 2000 ਰੁਪਏ ਤੋਂ ਵਧਾ ਕੇ 2500 ਰੁਪਏ ਕੀਤੀ ਜਾਵੇਗੀ। 70 ਸਾਲ ਤੋਂ ਵੱਧ ਉਮਰ ਦੇ ਲੋਕਾਂ, ਵਿਧਵਾਵਾਂ ਅਤੇ ਅਪਾਹਜਾਂ ਨੂੰ 3,000 ਰੁਪਏ ਮਿਲਣਗੇ, ਜਿਸ ਵਿੱਚ 500 ਰੁਪਏ ਦਾ ਵਾਧਾ ਕੀਤਾ ਗਿਆ ਹੈ। ਅਟਲ ਕੰਟੀਨ ਯੋਜਨਾ ਸ਼ੁਰੂ ਕੀਤੀ ਜਾਵੇਗੀ, ਇਸ ਤਹਿਤ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ‘ਚ 5 ਰੁਪਏ ‘ਚ ਖਾਣਾ ਦਿੱਤਾ ਜਾਵੇਗਾ।