ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ‘ਚ ਨਹੀਂ ਹੋਣ ਦਿੱਤਾ ਗਿਆ ਦਾਖਿਲ, ਆਤਿਸ਼ੀ ਸਮੇਤ ‘ਆਪ’ ਵਿਧਾਇਕਾਂ ਨੇ ਕੀਤਾ ਵਿਰੋਧ-ਪ੍ਰਦਰਸ਼ਨ
ਨਵੀ ਦਿੱਲੀ : ਦਿੱਲੀ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ‘ਆਪ’ ਵਿਧਾਇਕਾਂ ਨੂੰ ਵਿਧਾਨ ਸਭਾ ‘ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਦੇ ਨਾਲ ਵਿਧਾਇਕਾਂ ਨੇ ਵਿਧਾਨ ਸਭਾ ਕੰਪਲੈਕਸ ਦੇ ਬਾਹਰ ‘ਜੈ ਭੀਮ’ ਦੇ ਪੋਸਟਰਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ।
ਪੁਲਿਸ ਵਾਲਿਆਂ ਨਾਲ ਵੀ ਤਿੱਖੀ ਬਹਿਸ
ਵਿਧਾਨ ਸਭਾ ‘ਚ ਦਾਖਲ ਹੋਣ ਤੋਂ ਰੋਕੇ ਜਾਣ ‘ਤੇ ਆਤਿਸ਼ੀ ਨੇ ਕਿਹਾ- ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ ਵਿਧਾਇਕਾਂ ਨੂੰ ਵਿਧਾਨ ਸਭਾ ‘ਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਤਿਸ਼ੀ ਦੀ ਪੁਲਿਸ ਵਾਲਿਆਂ ਨਾਲ ਵੀ ਤਿੱਖੀ ਬਹਿਸ ਹੋਈ। ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਵਿਧਾਨ ਸਭਾ ਦੇ ਸਪੀਕਰ ਦਾ ਹੁਕਮ ਹੈ ਕਿ ‘ਆਪ’ ਵਿਧਾਇਕਾਂ ਨੂੰ ਵਿਧਾਨ ਸਭਾ ‘ਚ ਦਾਖਲ ਨਾ ਹੋਣ ਦਿੱਤਾ ਜਾਵੇ।
22 ਵਿਧਾਇਕਾਂ ਵਿੱਚੋਂ 21 ਮੁਅੱਤਲ
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ 22 ਵਿਧਾਇਕਾਂ ਵਿੱਚੋਂ 21 ਨੂੰ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਮੁਅੱਤਲ ਕਰ ਦਿੱਤਾ ਸੀ। ਮੁਅੱਤਲੀ ਉਦੋਂ ਹੋਈ ਜਦੋਂ ਦਿੱਲੀ ਦੇ ਉਪ ਰਾਜਪਾਲ (ਐਲਜੀ) ਦੇ ਭਾਸ਼ਣ ਦੌਰਾਨ ਵਿਧਾਇਕਾਂ ਨੇ ਹੰਗਾਮਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਨ੍ਹਾਂ 21 ਵਿਧਾਇਕਾਂ ‘ਚ ਆਤਿਸ਼ੀ ਸਮੇਤ ਕਈ ਪ੍ਰਮੁੱਖ ਨੇਤਾ ਸ਼ਾਮਲ ਹਨ। ਉਸ ਸਮੇਂ ਸਦਨ ‘ਚ ਇਕੱਲੇ ਵਿਧਾਇਕ ਅਮਾਨਤੁੱਲਾ ਖਾਨ ਨਹੀਂ ਸਨ ਅਤੇ ਇਸ ਲਈ ਉਹ ਮੁਅੱਤਲੀ ਤੋਂ ਬਚ ਗਏ ਸਨ।
ਪੰਜਾਬੀ ਭਾਸ਼ਾ ਵਿਵਾਦ: ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਦਿੱਤਾ ਵੱਡਾ ਬਿਆਨ, ਪੜੋ ਕੀ ਕਿਹਾ