ਨਵੀਂ ਦਿੱਲੀ, 23 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਭਾਜਪਾਈ ਮੰਤਰੀ ਮਨਜਿੰਦਰ ਸਿੰਘ ਸਿਰਸਾ ਵਲੋਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਵਿਰੁੱਧ ਇਕ ਪਟੀਸ਼ਨ ਮਾਨਯੋਗ ਦਿੱਲੀ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਹੈ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਪੁਲਸ ਅਧਿਕਾਰੀ ਦੀ ਉਸ ਰਿਪੋਰਟ ਨੂੰ ਤਲਬ ਕੀਤਾ ਜਾਵੇ ਜਿਸ ਵਿਚ 1 ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਹੋਏ ਸਿੱਖ ਕਤਲੇਆਮ ਦੌਰਾਨ ਕਮਲਨਾਥ ਦੀ ਮੌਜੂਦਗੀ ਦਾ ਜਿਕਰ ਕੀਤਾ ਗਿਆ ਸੀ ।
ਕੀ ਆਖਿਆ ਸਿਰਸਾ ਦੇ ਵਕੀਲ ਨੇ
ਦਿੱਲੀ ਹਾਈਕੋਰਟ (Delhi High Court) ਵਿਚ ਪਟੀਸ਼ਨਕਰਤਾ ਮਨਜਿੰਦਰ ਸਿੰਘ ਸਿਰਸਾ (Petitioner Manjinder Singh Sirsa) ਦੇ ਕੇਸ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਐਚ. ਐਸ. ਫੂਲਕਾ ਨੇ ਦਾਅਵਾ ਕੀਤਾ ਕਿ ਘਟਨਾ ਵਾਲੀ ਥਾਂ ਉਤੇ ਕਮਲਨਾਥ ਦੀ ਮੌਜੂਦਗੀ ਪੁਲਸ ਰਿਕਾਰਡ ਵਿਚ ਚੰਗੀ ਤਰ੍ਹਾਂ ਦਰਜ ਹੈ ਅਤੇ ਕਈ ਮੀਡੀਆ ਘਰਾਣਿਆਂ ਨੇ ਘਟਨਾ ਵਾਲੀ ਥਾਂ ਅਤੇ ਸਮੇਂ ਉਤੇ ਉਨ੍ਹਾਂ ਦੀ ਮੌਜੂਦਗੀ ਦਾ ਜਿਕਰ ਕੀਤਾ ਸੀ ਪਰ ਸਰਕਾਰ ਨੇ ਅਪਣੀ ਸਥਿਤੀ ਰਿਪੋਰਟ ਵਿਚ ਇਨ੍ਹਾਂ ਪਹਿਲੂਆਂ ਉਤੇ ਵਿਚਾਰ ਹੀ ਨਹੀਂ ਕੀਤਾ ।
ਹਾਈਕੋਰਟ ਨੇ ਦਿੱਤਾ ਸੀ ਸਥਿਤੀ ਰਿਪੋਰਟ ਦਰਜ ਕਰਨ ਦਾ ਹੁਕਮ
ਮਾਨਯੋਗ ਦਿੱਲੀ ਹਾਈ ਕੋਰਟ ਨੇ 27 ਜਨਵਰੀ 2022 ਨੂੰ ਸਰਕਾਰ ਨੂੰ ਇਸ ਮਾਮਲੇ ’ਚ ਸਥਿਤੀ ਰੀਪੋਰਟ ਦਾਇਰ ਕਰਨ ਦਾ ਹੁਕਮ ਦਿਤਾ ਸੀ । ਪਟੀਸ਼ਨ ’ਚ ਕਿਹਾ ਗਿਆ ਹੈ ਕਿ ਹਾਈ ਕੋਰਟ ਦੇ 27 ਜਨਵਰੀ, 2022 ਦੇ ਹੁਕਮ ਦੇ ਆਧਾਰ ਉਤੇ ਕੇਂਦਰ ਨੇ ਇਕ ਹਲਫਨਾਮਾ ਦਾਇਰ ਕੀਤਾ, ਜਿਸ ’ਚ ਇਸ ਘਟਨਾ ’ਚ ਕਮਲਨਾਥ ਦੀ ਭੂਮਿਕਾ ਬਾਰੇ ਕੁੱਝ ਨਹੀਂ ਦਸਿਆ ਗਿਆ ।
ਅਦਾਲਤ ਨੇ ਕੀਤੀ ਅਗਲੀ ਸੁਣਵਾਈ 18 ਨਵੰਬਰ ਦੀ
ਮਾਨਯੋਗ ਅਦਾਲਤ ਨੇ ਪਟੀਸ਼਼ਨਕਰਤਾ ਵਲੋਂ ਦਾਇਰ ਕੀਤੀ ਗਈ ਅਰਜ਼ੀ ਤੇ ਸੁਣਵਾਈ ਲਈ 18 ਨਵੰਬਰ ਦੀ ਤਰੀਕ ਤੈਅ ਕੀਤੀ ਹੈ ।
Read More : ਦਿੱਲੀ ਹਾਈ ਕੋਰਟ ਨੇ Juhi Chawla ਦੀ 5G ਦੀ ਪਟੀਸ਼ਨ ਕੀਤੀ ਖਾਰਜ, ਲਗਾਇਆ 20 ਲੱਖ ਦਾ ਜੁਰਮਾਨਾ