ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਾਗੋਭਾ ਖਿੰਡ ‘ਚ ਅੱਜ ਸਵੇਏ ਮੁੰਬਈ-ਅਹਿਮਦਾਬਾਦ ਹਾਈਵੇਅ ‘ਤੇ ਇਕ ਬੱਸ ਦੇ 25 ਫੁੱਟ ਡੂੰਘੀ ਖੱਡ ‘ਚ ਡਿੱਗਣ ਕਾਰਨ ਘੱਟੋ-ਘੱਟ 15 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਅਨੁਸਾਰ ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਵਾਪਰੀ ਜਦੋਂ ਮਹਾਰਾਸ਼ਟਰ ਰਾਜ ਸੜਕ ਆਵਾਜਾਈ ਨਿਗਮ (ਐੱਮ.ਐੱਸ.ਆਰ.ਟੀ.ਸੀ.) ਦੀ ਬੱਸ ਉੱਤਰੀ ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਭੁਸਾਵਲ ਤੋਂ ਪਾਲਘਰ ਦੇ ਬੋਈਸਰ ਜਾ ਰਹੀ ਸੀ। ਪੁਲਿਸ ਅਧਿਕਾਰੀ ਅਨੁਸਾਰ ,”ਬੱਸ ਕਰੀਬ 25 ਫੁੱਟ ਡੂੰਘੀ ਖੱਡ ‘ਚ ਡਿੱਗ ਗਈ, ਜਿਸ ਕਾਰਨ ਡਰਾਈਵਰ ਸਮੇਤ 15 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ‘ਚੋਂ 5 ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਸਾਰਿਆਂ ਨੂੰ ਸਥਾਨਕ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।”
ਪੁਲਿਸ ਅਧਿਕਾਰੀ ਅਨੁਸਾਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਦਲ ਅਤੇ ਪੁਲਿਸ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਕੁਝ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ। ਪੁਲਿਸ ਮੁਤਾਬਕ ਬੱਸ ‘ਚ ਸਵਾਰ ਯਾਤਰੀਆਂ ‘ਚੋਂ ਇਕ ਨੇ ਦੋਸ਼ ਲਾਇਆ ਕਿ ਡਰਾਈਵਰ ਸ਼ਰਾਬ ਦੇ ਨਸ਼ੇ ‘ਚ ਸੀ ਅਤੇ ਉਸ ਨੇ ਤੇਜ਼ ਗਤੀ ਅਤੇ ਲਾਪਰਵਾਹੀ ਨਾਲ ਵਾਹਨ ਚਲਾਇਆ।
ਉਨ੍ਹਾਂ ਦਾਅਵਾ ਕੀਤਾ ਕਿ ਸਵਾਰੀਆਂ ਨੇ ਬੱਸ ਆਪਰੇਟਰ ਨੂੰ ਡਰਾਈਵਰ ਬਦਲਣ ਦੀ ਬੇਨਤੀ ਵੀ ਕੀਤੀ ਪਰ ਉਸ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਇਹ ਹਾਦਸਾ ਵਾਪਰ ਗਿਆ। ਯਾਤਰੀ ਨੇ ਦੱਸਿਆ ਕਿ ਡੂੰਘੇ ਮੋੜ ‘ਤੇ ਡਰਾਈਵਰ ਬੱਸ ਨੂੰ ਮੋੜਨ ‘ਚ ਅਸਫ਼ਲ ਰਿਹਾ, ਜਿਸ ਕਾਰਨ ਬੱਸ ਪਲਟ ਗਈ ਅਤੇ ਖੱਡ ‘ਚ ਜਾ ਡਿੱਗੀ। ਪਾਲਘਰ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ‘ਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ ਅਤੇ ਉਸ ਦਾ ਵੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਡਰਾਈਵਰ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ ਅਤੇ ਬਾਅਦ ਵਿਚ ਕਾਰਵਾਈ ਕੀਤੀ ਜਾਵੇਗੀ।