ਹਰਿਆਣਾ ਵਿਚ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ। ਦੱਸ ਦਈਏ ਕਿ ਹਰਿਆਣਾ ‘ਚ ਨਗਰ ਕੌਸਲ ਚੋਣਾਂ ਲਈ ਵੋਟਿੰਗ 19 ਜੂਨ ਨੂੰ ਹੋਵੇਗੀ। ਹਰਿਆਣਾ ਵਿਚ ਭਾਜਪਾ ਨਗਰ ਕੌਂਸਲ ਚੋਣਾਂ ਇਕੱਲਿਆਂ ਹੀ ਲੜੇਗੀ ਤੇ ਕੋਈ ਗੱਠਜੋੜ ਨਹੀਂ ਕਰੇਗੀ। ਇਹ ਪ੍ਰਗਟਾਵਾ ਹਰਿਆਣਾ ਭਾਜਪਾ ਦੇ ਪ੍ਰਧਾਨ ਓ ਪੀ ਧਨਖੜ ਨੇ ਕੀਤਾ ਹੈ। ਉਹਨਾਂ ਦੱਸਿਆ ਕਿ ਉਮੀਦਵਾਰਾਂ ਦਾ ਫ਼ੈਸਲਾ ਜ਼ਿਲ੍ਹਾ ਇਕਾਈਆਂ ਵੱਲੋਂ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਹਰਿਆਣਾ ਵਿਚ ਜਜਪਾ ਨਾਲ ਭਾਜਪਾ ਦਾ ਸੂਬਾ ਪੱਧਰੀ ਗਠਜੋੜ ਹੈ ਤੇ ਜਜਪਾ ਆਗੂ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਹਨ। ਪਰ ਹੁਣ ਨਗਰ ਕੌਂਸਲ ਚੋਣਾਂ ਵਿਚ ਦੋਵੇਂ ਪਾਰਟੀਆਂ ਵੱਖੋ ਵੱਖ ਚੋਣਾਂ ਲੜਨਗੀਆਂ।
ਧਨਖੜ ਨੇ ਦੱਸਿਆ ਕਿ ਨਗਰ ਕੌਂਸਲ ਦੀ ਚੋਣ ਬੀ.ਜੇ.ਪੀ. ਚੋਣ ਨਿਸ਼ਾਨ ‘ਤੇ ਲੜੇਗੀ ਜਦਕਿ ਨਗਰ ਪਾਲਿਕਾ ਦੀ ਚੋਣ ਨੂੰ ਲੈ ਕੇ ਬੀ.ਜੇ.ਪੀ. ਦੀ ਜ਼ਿਲ੍ਹਾ ਇਕਾਈ ਵੱਲੋਂ ਫੈਸਲਾ ਕੀਤਾ ਜਾਵੇਗਾ। ਨਗਰ ਪਾਲਿਕਾ ‘ਚ ਜੋ ਉਮੀਦਵਾਰ ਚੋਣ ਨਿਸ਼ਾਨ ‘ਤੇ ਲੜੇਗਾ ਉਸ ਦਾ ਫੈਸਲਾ ਬੀ.ਜੇ.ਪੀ. ਜ਼ਿਲ੍ਹਾ ਇਕਾਈ ਕਰੇਗੀ। ਇਸ ਦੇ ਨਾਲ ਹੀ ਪਾਰਟੀ ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ 1 ਜੂਨ ਨੂੰ ਪੰਚਕੂਲਾ ‘ਚ ਬੈਠਕ ਹੋਵੇਗੀ।