ਭਾਜਪਾ ਨੇ 19 ਫਰਵਰੀ ਨੂੰ ਬੁਲਾਈ ਵਿਧਾਇਕ ਦਲ ਦੀ ਬੈਠਕ, ਮੁੱਖ ਮੰਤਰੀ ਦਾ ਨਾਂ ਹੋਵੇਗਾ ਤੈਅ, ਜਾਣੋ ਕਿਸਦੇ ਨਾਮ ਦੀ ਚਰਚਾ?
ਨਵੀ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ‘ਚ 27 ਸਾਲਾਂ ਬਾਅਦ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਚੋਣ ਨਤੀਜੇ 8 ਫਰਵਰੀ ਨੂੰ ਆਏ ਸਨ ਪਰ ਭਾਜਪਾ ਨੇ ਅਜੇ ਤੱਕ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਇਸ ਨੂੰ ਲੈ ਕੇ ਕਾਫੀ ਸਿਆਸੀ ਬਿਆਨਬਾਜ਼ੀ ਵੀ ਚੱਲ ਰਹੀ ਹੈ। ਹੁਣ ਭਾਜਪਾ ਜਲਦ ਹੀ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਬੁਲਾਉਣ ਜਾ ਰਹੀ ਹੈ।
20 ਫਰਵਰੀ ਨੂੰ ਸਹੁੰ ਚੁੱਕ ਸਮਾਗਮ
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਵਿਧਾਇਕ ਦਲ ਦੀ ਮੀਟਿੰਗ 19 ਫਰਵਰੀ ਨੂੰ ਹੋਵੇਗੀ। ਇਸ ਤੋਂ ਪਹਿਲਾਂ ਇਹ ਮੀਟਿੰਗ 17 ਫਰਵਰੀ ਨੂੰ ਬੁਲਾਈ ਗਈ ਸੀ। ਪਰ ਕਿਸੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ 20 ਫਰਵਰੀ ਨੂੰ ਰਾਮਲੀਲਾ ਮੈਦਾਨ ਵਿੱਚ ਹੋਵੇਗਾ। ਇਸ ਵਿੱਚ ਪ੍ਰਧਾਨ ਮੰਤਰੀ ਮੋਦੀ, 20 ਰਾਜਾਂ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਉਪ ਮੁੱਖ ਮੰਤਰੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਦਯੋਗਪਤੀ, ਫਿਲਮੀ ਸਿਤਾਰੇ, ਕ੍ਰਿਕਟ ਖਿਡਾਰੀ, ਸੰਤ ਅਤੇ ਡਿਪਲੋਮੈਟ ਵੀ ਆਉਣਗੇ।
ਮੁੱਖ ਮੰਤਰੀ ਦੀ ਦੌੜ ਵਿੱਚ ਇਹ ਨਾਮ ਅੱਗੇ
ਵੈਸੇ ਭਾਜਪਾ ਆਪਣੇ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਅਕਸਰ ਹੀ ਸਭ ਨੂੰ ਹੈਰਾਨ ਕਰਦੀ ਆਈ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਦੀ ਦੌੜ ਵਿੱਚ 6 ਵਿਧਾਇਕਾਂ ਦੇ ਨਾਂ ਸਭ ਤੋਂ ਅੱਗੇ ਹਨ। ਜਿਨ੍ਹਾਂ ‘ਚ ਪੰਜਾਬੀ ਦਲਿਤ ਭਾਈਚਾਰੇ ਦੇ ਰਵਿੰਦਰ ਇੰਦਰਰਾਜ ਸਿੰਘ, ਆਪ’ ਦੇ ਦਿੱਗਜ ਨੇਤਾ ਅਤੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੂੰ ਹਰਾਉਣ ਵਾਲੀ ਸ਼ਿਖਾ ਰਾਏ, ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਵੇਸ਼ ਵਰਮਾ, ਵਿਜੇਂਦਰ ਗੁਪਤਾ, ਰਾਜਕੁਮਾਰ ਭਾਟੀਆ, ਜਤਿੰਦਰ ਮਹਾਜਨ ਦੇ ਨਾਮ ਸ਼ਾਮਿਲ ਹਨ।