ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਸਿਆਹੀ ਨਾਲ ਹਮਲਾ ਹੋਇਆ ਹੈ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਧੱਕਾ ਮੁੱਕੀ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਦੀ ਵੀਡਿਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਉੱਥੇ ਮੌਜੂਦ ਲੋਕਾਂ ਅਨੁਸਾਰ ਪ੍ਰੈਸ ਕਾਨਫਰੰਸ ‘ਚ ਜਦੋਂ ਪੱਤਰਕਾਰਾਂ ਵਲੋਂ ਇਹ ਸਵਾਲ ਪੁੱਛਿਆ ਗਿਆ ਕਿ ਕਿਸਾਨ ਆਗੂ ਚੰਦਰਸੇਖਰ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਜਦੋਂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਉੱਥੇ ਮੌਜੂਦ ਉਨ੍ਹਾਂ ਦੇ ਸਮਰੱਥਕਾਂ ਨੇ ਟਿਕੈਤ ‘ਤੇ ਹਮਲਾ ਕਰ ਦਿੱਤਾ। ਚੰਦਰਸੇਖਰ ਦੇ ਸਮਰੱਥਕਾਂ ਵਲੋਂ ਉਨ੍ਹਾਂ ‘ਤੇ ਸਿਆਹੀ ਸੁੱਟੀ ਗਈ।
ਖੁਦ ‘ਤੇ ਕਾਲੀ ਸਿਆਹੀ ਸੁੱਟਣ ਦੇ ਮਾਮਲੇ ‘ਚ ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਥਾਨਕ ਪੁਲਿਸ ਵੱਲੋਂ ਇੱਥੇ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਕੁਝ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਹੈ।