ਦੇਸ਼ ਦੀਆਂ ਪ੍ਰਮੁੱਖ ਈ-ਕਾਮਰਸ ਕੰਪਨੀਆਂ ਐਮਾਜ਼ਾਨ ਅਤੇ ਫਲਿੱਪਕਾਰਟ ਫਿਰ ਤੋਂ ਜਾਂਚ ਦੇ ਘੇਰੇ ‘ਚ ਆ ਗਈਆਂ ਹਨ। ਭਾਰਤੀ ਮਿਆਰ ਬਿਊਰੋ (ਬੀਆਈਐਸ) ਨੇ ਐਮਾਜ਼ਾਨ ਅਤੇ ਫਲਿੱਪਕਾਰਟ ਦੇ ਗੋਦਾਮਾਂ ‘ਤੇ ਛਾਪੇਮਾਰੀ ਕੀਤੀ ਅਤੇ ਹਜ਼ਾਰਾਂ ਉਤਪਾਦ ਜ਼ਬਤ ਕੀਤੇ ਜਿਨ੍ਹਾਂ ਕੋਲ ਉੱਚ ਗੁਣਵੱਤਾ ਸਰਟੀਫਿਕੇਟ ਨਹੀਂ ਸਨ।
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਦੀ ਦਿੱਲੀ ਸ਼ਾਖਾ ਨੇ ਈ-ਕਾਮਰਸ ਪਲੇਟਫਾਰਮ ਐਮਾਜ਼ਾਨ ਅਤੇ ਫਲਿੱਪਕਾਰਟ ਦੀ ਸਹਾਇਕ ਕੰਪਨੀ ਇੰਸਟਾਮਾਰਟ ਦੇ ਗੋਦਾਮਾਂ ‘ਤੇ ਛਾਪੇਮਾਰੀ ਕੀਤੀ। ਦਿੱਲੀ ਦੇ ਮੋਹਨ ਕੋਆਪਰੇਟਿਵ ਇੰਡਸਟਰੀਅਲ ਏਰੀਆ ਸਥਿਤ ਇਨ੍ਹਾਂ ਗੋਦਾਮਾਂ ‘ਤੇ ਕਰੀਬ 15 ਘੰਟੇ ਛਾਪੇਮਾਰੀ ਕੀਤੀ ਗਈ।
ਜਿਸ ਵਿੱਚ ਫੂਡ ਮਿਕਸਰ ਅਤੇ ਬਿਜਲੀ ਦੇ ਉਪਕਰਨਾਂ ਸਮੇਤ ਹਜ਼ਾਰਾਂ ਘੱਟ ਮਿਆਰੀ ਉਤਪਾਦ ਜ਼ਬਤ ਕੀਤੇ ਗਏ।ਇੰਸਟਾਮਾਰਟ ਤੋਂ ਕਰੀਬ 6 ਲੱਖ ਰੁਪਏ ਦੀ ਕੀਮਤ ਦੇ 590 ਜੋੜੇ ਜੁੱਤੀਆਂ ਬਰਾਮਦ ਕੀਤੀਆਂ ਗਈਆਂ ਹਨ। ਦਿੱਲੀ ਤੋਂ ਇਲਾਵਾ, ਬੀਆਈਐਸ ਨੇ ਗੁਰੂਗ੍ਰਾਮ, ਫਰੀਦਾਬਾਦ, ਲਖਨਊ ਅਤੇ ਸ਼੍ਰੀਪੇਰੰਬਦੂਰ ਵਿੱਚ ਵੀ ਅਜਿਹੇ ਛਾਪੇ ਮਾਰੇ ਅਤੇ ਘਟੀਆ ਉਤਪਾਦ ਜ਼ਬਤ ਕੀਤੇ। ਪਿਛਲੇ ਹਫ਼ਤੇ BIS ਨੇ ਕਰਨਾਟਕ ਤੋਂ 3000 ਉਤਪਾਦ ਜ਼ਬਤ ਕੀਤੇ ਸਨ।