ਕੇਂਦਰ ਸਰਕਾਰ ਨੇ ਅਗਨੀਪਥ ਸਕੀਮ ਤਹਿਤ ਭਰਤੀ ਲਈ ਉਮਰ 21 ਸਾਲ ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਕਿ ਇਹ ਛੋਟ ਸਿਰਫ਼ 2022 ਦੀ ਭਰਤੀ ਵਾਸਤੇ ਇਕ ਵਾਰ ਲਈ ਹੋਵੇਗੀ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂ ਪਿਛਲੇ ਦੋ ਸਾਲਾਂ ਵਿਚ ਭਰਤੀ ਨਹੀਂ ਕੀਤੀ ਜਾ ਸਕੀ। ਇਸ ਸਕੀਮ ਤਹਿਤ ਭਾਰਤੀ ਫੌਜ ਵਿਚ ਭਰਤੀ ਲਈ ਉਮਰ ਹੱਦ ਪਹਿਲਾਂ 17.5 ਸਾਲ ਤੋਂ 21 ਸਾਲ ਤੈਅ ਕੀਤੀ ਗਈ ਸੀ।
ਯਾਦ ਰਹੇ ਕਿ ਫੌਜ ਵਿਚ ਭਰਤੀ ਹੋਣ ਦੇ ਕੁਝ ਚਾਹਵਾਨਾਂ ਨੇ ਨਵੀਂ ਸਕੀਮ ਨਾਲ ਭਰਤੀ ਵਿਚ ਤਬਦੀਲੀ ਦਾ ਵਿਰੋਧ ਕੀਤਾ ਹੈ। ਇਸ ਸਕੀਮ ਤਹਿਤ ਕੋਈ ਪੈਨਸ਼ਨ ਨਹੀਂ ਮਿਲੇਗੀ ਤੇ ਉਮਰ ਹੱਦ17.5 ਤੋਂ 21 ਹੋਣ ਕਾਰਨ ਕਈ ਉਮੀਦਵਾਰ ਅਯੋਗ ਵੀ ਰਹਿ ਗਏ ਸਨ। ਇਸ ਸਾਲ 46000 ਅਗਨੀ ਵੀਰ ਭਰਤੀ ਕੀਤੇ ਜਾਣੇ ਹਨ।
ਇਸਦੇ ਨਾਲ ਹੀ ਦੱਸ ਦਈਏ ਕਿ ਇਸ ਸਕੀਮ ਨੂੰ ਲੈ ਕੇ ਹੀ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਵਿਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਅਗਨੀਪਥ ਸਕੀਮ ਦਾ ਵਿਰੋਧ ਕਰ ਰਹੇ ਵਿਖਾਵਾਕਾਰੀਆਂ ਨੇ ਅੱਜ ਸਵੇਰੇ ਉੱਤਰ ਪ੍ਰਦੇਸ਼ (ਯੂ ਪੀ) ਤੇ ਬਿਹਾਰ ਵਿਚ ਦੋ ਰੇਲ ਗੱਡੀਆਂ ਨੁੰ ਅੱਗ ਲਗਾ ਦਿੱਤੀ। ਅੱਜ ਵਿਰੋਧ ਪ੍ਰਦਰਸ਼ਨਾਂ ਦਾ ਤੀਜਾ ਦਿਨ ਹੈ। ਯੂ ਪੀ ਦੇ ਬਲੀਆਂ ਵਿਚ ਪ੍ਰਦਰਸ਼ਨਕਾਰੀਆਂ ਨੇ ਰੇਲ ਗੱਡੀ ਨੂੰ ਅੱਗ ਲਗਾ ਦਿੱਤੀ ਤੇ ਰੇਲਵੇ ਸਟੇਸ਼ਨ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਪੁਲਿਸ ਨੇ ਵਿਖਾਵਾਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ।
ਇਸ ਦੌਰਾਨ ਈਸਟਰਨ ਯੂ ਪੀ ਜ਼ਿਲ੍ਹੇ ਵਿਚ ਵਿਖਾਵਾਕਾਰੀਆਂ ਨੂੰ ਡਾਂਗਾਂ ਤੇ ਹੋਰ ਸ਼ਸਤਰਾਂ ਸਮੇਤ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਵੇਖਿਆ ਗਿਆ। ਬਿਹਾਰ ਵਿਚ ਮੋਇਉਦੀਨ ਸਟੇਸ਼ਨ ’ਤੇ ਪ੍ਰਦਰਸ਼ਨਕਾਰੀਆਂ ਨੇ ਜੰਮੂ ਤਵੀ ਰੇਲ ਗੱਡੀ ਦੇ ਦੋ ਡੱਬਿਆਂ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਥੇ ਪੁਲਿਸ ਮੁਲਾਜ਼ਮ, ਰੇਲਵੇ ਮੁਲਾਜ਼ਮ ਤੇ ਸਥਾਨਕ ਲੋਕ ਰੇਲ ਗੱਡੀ ਦੇ ਹੋਰ ਡੱਬਿਆਂ ਨੂੰ ਸੜਦੇ ਡੱਬਿਆਂ ਤੋਂ ਪਾਸੇ ਕਰਨ ਲਈ ਧੱਕੇ ਲਗਾ ਕੇ ਪਾਸੇ ਕਰਦੇ ਨਜ਼ਰ ਆਏ। ਦੱਸਣਯੋਗ ਹੈ ਕਿ ਰੇਲ ਗੱਡੀ ਜੰਮੂ ਤੋਂ ਚਲਦੀ ਹੈ ਤੇ ਪੰਜਾਬ ਵਿਚ ਪਠਾਨਕੋਟ, ਜਲੰਧਰ, ਲੁਧਿਆਣਾ ਤੇ ਰਾਜਪੁਰਾ ਤੋਂ ਹੁੰਦੀ ਹੋਈ ਹਰਿਆਣਾ ਵਿਚ ਅੰਬਾਲਾ ਵਿਚ ਦਾਖਲ ਹੁੰਦੀ ਹੈ।