‘ਅਗਨੀਪਥ ਯੋਜਨਾ’ ‘ਤੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦਾ ਕੀਤਾ ਘਿਰਾਓ

0
161

ਫੌਜ ‘ਚ ਭਰਤੀ ਦੀ ਨਵੀਂ ਯੋਜਨਾ ‘ਅਗਨੀਪਥ ਯੋਜਨਾ’ ਦਾ ਵਿਰੋਧ ਸ਼ੁੱਕਰਵਾਰ ਨੂੰ ਵੀ ਜਾਰੀ ਹੈ। ਅਗਨੀਪਥ ਸਕੀਮ ਦਾ ਵਿਰੋਧ ਕਰ ਰਹੇ ਵਿਖਾਵਾਕਾਰੀਆਂ ਨੇ ਅੱਜ ਸਵੇਰੇ ਉੱਤਰ ਪ੍ਰਦੇਸ਼ (ਯੂ ਪੀ) ਤੇ ਬਿਹਾਰ ਵਿਚ ਦੋ ਰੇਲ ਗੱਡੀਆਂ ਨੁੰ ਅੱਗ ਲਗਾ ਦਿੱਤੀ। ਅੱਜ ਵਿਰੋਧ ਪ੍ਰਦਰਸ਼ਨਾਂ ਦਾ ਤੀਜਾ ਦਿਨ ਹੈ। ਕੇਂਦਰ ਸਰਕਾਰ ਦੀ ਇਸ ਨਵੀਂ ਯੋਜਨਾ ਦਾ ਸਿਆਸੀ ਪਾਰਟੀਆਂ ਨੇ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਕਈ ਰਾਜਾਂ ਵਿੱਚ ਪ੍ਰਦਰਸ਼ਨਾਂ ਦਰਮਿਆਨ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਿਹਾ

ਅਗਨੀਪਥ – ਨੌਜਵਾਨਾਂ ਨੇ ਨਕਾਰਿਆ

ਖੇਤੀਬਾੜੀ ਕਾਨੂੰਨ ਨੂੰ – ਕਿਸਾਨਾਂ ਨੇ ਨਕਾਰਿਆ

ਨੋਟਬੰਦੀ ਨੂੰ – ਅਰਥ ਸ਼ਾਸਤਰੀਆਂ ਨੇ ਨਕਾਰਿਆ

ਜੀਐਸਟੀ ਨੂੰ – ਵਪਾਰੀਆਂ ਨੇ ਨਕਾਰ ਦਿੱਤਾ

ਦੇਸ਼ ਦੇ ਲੋਕ ਕੀ ਚਾਹੁੰਦੇ ਹਨ, ਪ੍ਰਧਾਨ ਮੰਤਰੀ ਇਹ ਗੱਲ ਨਹੀਂ ਸਮਝਦੇ ਕਿਉਂਕਿ ਉਨ੍ਹਾਂ ਨੂੰ ਆਪਣੇ ਮਿੱਤਰਾਂ ਦੀ ਆਵਾਜ਼ ਤੋਂ ਇਲਾਵਾ ਹੋਰ ਕੁੱਝ ਨਹੀਂ ਸੁਣਦਾ।

ਅਗਨੀਪਥ ਯੋਜਨਾ ਤਹਿਤ ਫੌਜੀਆਂ ਦੀ ਭਰਤੀ ਨੂੰ ਲੈ ਕੇ ਕੁਝ ਸੂਬਿਆਂ ਵਿਚ ਹੰਗਾਮਾ ਮਚਿਆ ਹੋਇਆ ਹੈ। ਇਸ ਯੋਜਨਾ ਨੂੰ ਕੈਬਨਿਟ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਇਸ ਯੋਜਨਾ ਤਹਿਤ ਭਰਤੀ ਹੋਣ ਵਾਲੇ ਫੌਜੀਆਂ ਨੂੰ ਅਗਨੀਵੀਰ ਕਿਹਾ ਜਾਵੇਗਾ। ਇਸ ਯੋਜਨਾ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇੱਥੋਂ ਤਕ ਕਿ ਸਾਬਕਾ ਫੌਜੀ ਅਧਿਕਾਰੀਆਂ ਦੇ ਵੀ ਇਸ ’ਤੇ ਪ੍ਰਤੀਕਰਮ ਆਉਣ ਲੱਗੇ ਹਨ। ਕਈ ਸਾਬਕਾ ਫ਼ੌਜੀ ਅਫਸਰਾਂ ਨੇ ਇਸ ਯੋਜਨਾ ਨੂੰ ਫੌਜ ਲਈ ਲਾਹੇਵੰਦ ਨਹੀਂ ਦੱਸਿਆ। ਯੋਜਨਾ ਬਾਰੇ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਖਦਸ਼ੇ ਹਨ ਪਰ ਸਰਕਾਰ ਦਾ ਦਾਅਵਾ ਹੈ ਕਿ ਇਹ ਯੋਜਨਾ ਪਰਖ ਤੋਂ ਬਾਅਦ ਹੀ ਲਾਗੂ ਕੀਤੀ ਗਈ ਹੈ।

ਨਵੀਂ ਪ੍ਰਣਾਲੀ ਸਿਰਫ ਅਫਸਰ ਰੈਂਕ ਤੋਂ ਹੇਠਲੇ ਕਰਮਚਾਰੀਆਂ ਲਈ ਹੈ, ਜੋ ਫੌਜ ਵਿਚ ਕਮਿਸ਼ਨਡ ਅਫਸਰ ਵਜੋਂ ਸ਼ਾਮਲ ਨਹੀਂ ਹੁੰਦੇ। ਅਗਨੀਪਥ ਯੋਜਨਾ ਤਹਿਤ 17.5 ਸਾਲ ਤੋਂ 21 ਸਾਲ ਦੀ ਉਮਰ ਦੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹੋਣਗੇ। ਭਰਤੀ ਦੇ ਨਿਯਮ ਪਹਿਲਾਂ ਵਾਲੇ ਹੀ ਰਹਿਣਗੇ ਅਤੇ ਸਾਲ ਵਿਚ 2 ਵਾਰ ਭਰਤੀ ਰੈਲੀਆਂ ਰਾਹੀਂ ਭਰਤੀ ਕੀਤੀ ਜਾਵੇਗੀ। ਇਸ ਸਾਲ 46000 ਅਗਨੀ ਵੀਰ ਭਰਤੀ ਕੀਤੇ ਜਾਣੇ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਅਗਨੀਪਥ ਯੋਜਨਾ ‘ਤੇ ਹੰਗਾਮੇ ਦੌਰਾਨ ਫ਼ੌਜ ਮੁਖੀ ਜਨਰਲ ਮਨੋਜ ਪਾਂਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਲਦ ਹੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 2022 ‘ਚ ਅਗਨੀਪਥ ਯੋਜਨਾ ਤਹਿਤ ਉਮਰ ਹੱਦ ਨੂੰ 21 ਤੋਂ ਵਧਾ ਕੇ 23 ਸਾਲ ਕਰਨ ਦਾ ਸਰਕਾਰ ਦਾ ਫ਼ੈਸਲਾ ਉਨ੍ਹਾਂ ਨੌਜਵਾਨਾਂ ਨੂੰ ਅਵਸਰ ਮੁਹੱਈਆ ਕਰਵਾਏਗਾ ਜੋ ਸੈਨਾ ‘ਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਸਨ, ਪਰ ਪਿਛਲੇ ਦੋ ਸਾਲ ਤੋਂ ਕੋਰੋਨਾ ਮਹਾਮਾਰੀ ਕਾਰਨ ਅਜਿਹਾ ਨਹੀਂ ਕਰ ਸਕੇ। ਉੱਥੇ ਹੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਕਿਹਾ ਕਿ ਅਗਲੇ ਸ਼ੁੱਕਰਵਾਰ ਯਾਨੀ 24 ਜੂਨ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

 

LEAVE A REPLY

Please enter your comment!
Please enter your name here