ਯੂਪੀ ‘ਚ 2 ਸਕੀਆਂ ਭੈਣਾਂ ਨਾਲ ਜ਼ਬਰ ਜਨਾਹ ਕਰਨ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਯੂਪੀ ਪੁਲਿਸ ਨੇ ਦੋ ਦਲਿਤ ਭੈਣਾਂ ਦੇ ਕਥਿਤ ਬਲਾਤਕਾਰ ਤੇ ਕਤਲ ਲਈ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਕੁੜੀਆਂ ਜਿਨ੍ਹਾਂ ਦੀ ਉਮਰ 15 ਤੇ 17 ਸਾਲ ਹੈ ਦੀਆਂ ਲਾਸ਼ਾਂ ਆਪਣੇ ਘਰ ਤੋਂ ਕਿਲੋਮੀਟਰ ਦੂਰ ਗੰਨੇ ਦੇ ਖੇਤ ਵਿੱਚ ਦਰੱਖਤ ਨਾਲ ਲਟਕਦੀਆਂ ਮਿਲੀਆਂ ਸਨ। ਪੀੜਤਾਂ ਦਾ ਘਰ ਨਿਗਾਸਨ ਪੁਲੀਸ ਸਟੇਸ਼ਨ ਖੇਤਰ ਅਧੀਨ ਆਉਂਦਾ ਹੈ। ਪੁਲਿਸ ਅਨੁਸਾਰ ਪੋਸਟ-ਮਾਰਟਮ ਰਿਪੋਰਟ ਵਿੱਚ ਨਾਬਾਲਗਾਂ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਹੈ ਜਦੋਂ ਕਿ ਮੌਤ ਦਾ ਕਾਰਨ ਗ਼ਲਾ ਘੁੱਟਣਾ ਹੈ। ਸੂਬੇ ਦੇ ਉਪ ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰਿਆ ਤੇ ਬ੍ਰਜੇਸ਼ ਪਾਠਕ ਨੇ ਕਿਹਾ ਕਿ ਸਰਕਾਰ ਪੀੜਤ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲ ਪਟਵਾਰੀ ਨੂੰ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਕੀਤਾ ਕਾਬੂ
ਐੱਸਪੀ ਸੰਜੀਵ ਸੁਮਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਦੋਵੇਂ ਭੈਣਾਂ ਬੁੱਧਵਾਰ ਬਾਅਦ ਦੁਪਹਿਰ ਆਪਣੇ ਘਰੋਂ ਮੁਲਜ਼ਮਾਂ ਜੁਨੈਦ ਤੇ ਸੋਹੇਲ ਨਾਲ ਨਿਕਲੀਆਂ ਸਨ। ਐੱਸਪੀ ਸੰਜੀਵ ਸੁਮਨ ਨੇ ਕਿਹਾ, ‘‘ਜੁਨੈਦ ਤੇ ਸੋਹੇਲ ਨੇ ਕੁੜੀਆਂ ਨਾਲ ਜਬਰ-ਜਨਾਹ ਕਰਨ ਮਗਰੋਂ ਉਨ੍ਹਾਂ ਦਾ ਗਲਾ ਘੁਟਣ ਦੀ ਗੱਲ ਕਬੂਲੀ ਹੈ।’’ ਐੱਸਪੀ ਨੇ ਕਿਹਾ, ‘‘ਅਸੀਂ ਜੁਨੈਦ, ਸੁਹੇਲ, ਹਫ਼ੀਜ਼ੁਰ ਰਹਿਮਾਨ, ਕਰੀਮੂਦੀਨ, ਆਰਿਫ਼ ਤੇ ਛੋਟੂ ਨੂੰ ਲੰਘੀ ਰਾਤ ਚਲਾਏ ਅਪਰੇਸ਼ਨ ਦੌਰਾਨ ਕਾਬੂ ਕਰ ਲਿਆ ਸੀ।’’ ਜੁਨੈਦ ਨੂੰ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਪਰਾਧ ਲਈ ਵਰਤਿਆ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਹੈ।
ਪੁਲਿਸ ਨੂੰ ਉਸ ਕੋਲੋਂ ਦੇਸੀ ਕੱਟਾ ਤੇ ਗੋਲੀ-ਸਿੱਕਾ ਵੀ ਮਿਲਿਆ ਹੈ। ਵਧੀਕ ਡੀਜੀਪੀ (ਕਾਨੂੰਨ ਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਮੁਕਾਬਲੇ ਦੌਰਾਨ ਜੁਨੈਦ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ, ‘‘ਦੋਵਾਂ ਭੈਣਾਂ ਦੀਆਂ ਲਾਸ਼ਾਂ ਅੰਤਿਮ ਰਸਮਾਂ ਲਈ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ।’’ ਐੱਸਪੀ ਨੇ ਕਿਹਾ ਕਿ ਹੋਰਨਾਂ ਮੁਲਜ਼ਮਾਂ ਦੇ ਕੱਪੜੇ ਜਾਂਚ ਲਈ ਭੇਜ ਦਿੱਤੇ ਗਏ ਹਨ। ਮੁਲਜ਼ਮਾਂ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 302, 323, 452, 376 ਤੇ ਪੋਕਸੋ ਐਕਟ ਤਹਿ ਕੇਸ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਐੱਸਪੀ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਪੁਲਿਸ ਨੂੰ ਦੋਵਾਂ ਭੈਣਾਂ ਦੀਆਂ ਮ੍ਰਿਤਕ ਦੇਹਾਂ ਪੋਸਟਮਾਰਟਮ ਲਈ ਭੇਜਣ ਮੌਕੇ ਬਲ ਦੀ ਵਰਤੋਂ ਕਰਨੀ ਪਈ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਸਹਿਮਤੀ ਤੇ ਮੌਜੂਦਗੀ ਵਿੱਚ ਹੀ ਪੋਸਟ ਮਾਰਟਮ ਕਰਵਾਇਆ ਗਿਆ ਤੇ ਇਸ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੀੜਤਾਂ ਦੀ ਮਾਂ ਨੇ ਬੁੱਧਵਾਰ ਰਾਤ ਨੂੰ ਨਿਗਾਸਨ ਕੋਤਵਾਲੀ ਪੁਲੀਸ ਸਟੇਸ਼ਨ ਵਿੱਚ ਆਪਣੀ ਧੀਆਂ ਨਾਲ ਕਥਿਤ ਬਲਾਤਕਾਰ ਤੇ ਉਨ੍ਹਾਂ ਦਾ ਕਤਲ ਕੀਤੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਪੀੜਤਾ ਨੇ ਦਾਅਵਾ ਕੀਤਾ ਸੀ ਕਿ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨ, ਜਿਨ੍ਹਾਂ ਵਿੱਚ ਉਨ੍ਹਾਂ ਦਾ ਗੁਆਂਢੀ ਛੋਟੂ ਵੀ ਸੀ, ਜਬਰੀ ਉਨ੍ਹਾਂ ਦੀ ਝੁੱਗੀ ਵਿਚ ਦਾਖ਼ਲ ਹੋਏ ਤੇ ਧੀਆਂ ਨੂੰ ਅਗਵਾ ਕਰਕੇ ਲੈ ਗਏ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਇਨ੍ਹਾਂ ਵਿਚੋਂ ਇਕ ਨੇ ਉਸ ਨੂੰ ਠੁੱਡਾ ਮਾਰਿਆ ਤੇ ਕੁੜੀਆਂ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਪਿੰਡ ਦੇ ਬਾਹਰਵਾਰ ਖੇਤਾਂ ਵੱਲ ਲੈ ਗਏ। ਪਰਿਵਾਰ ਨੂੰ ਮਗਰੋਂ ਕੁੜੀਆਂ ਦੀਆਂ ਲਾਸ਼ਾਂ ਪਿੰਡ ਤੋਂ ਕੁਝ ਦੂਰ ਖੇਤ ਵਿਚ ਰੁਖ਼ ਨਾਲ ਲਮਕਦੀਆਂ ਮਿਲੀਆਂ।
ਜਿਵੇਂ ਹੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨਿਗਾਸਨ ਚੌਰਾਹੇ ’ਤੇ ਧਰਨਾ ਦਿੱਤਾ। ਐੱਸਪੀ ਸੁਮਨ ਤੇ ਸਹਾਇਕ ਐੱਸਪੀ ਅਰੁਣ ਕੁਮਾਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦੇ ਕੇ ਧਰਨਾ ਚੁਕਵਾਇਆ ਤੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜ਼ਿਲ੍ਹਾ ਹੈੱਡਕੁਆਰਟਰ ਭੇਜ ਦਿੱਤੀਆਂ। ਕੁਮਾਰ ਨੇ ਕਿਹਾ ਕਿ ਪਿੰਡ ਵਿੱਚ ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।