ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਕੰਪਰੈੱਸਡ ਨੈਚੁਰਲ ਗੈਸ (CNG) ਫਿਰ ਮਹਿੰਗੀ ਹੋ ਗਈ ਹੈ। ਦਿੱਲੀ ਵਿੱਚ ਸੀਐਨਜੀ ਦੀ ਕੀਮਤ ਵਿੱਚ 95 ਪੈਸੇ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਨਵੀਂ ਕੀਮਤ 17 ਦਸੰਬਰ 2022 ਨੂੰ ਸਵੇਰੇ 6 ਵਜੇ ਤੋਂ ਲਾਗੂ ਹੋਵੇਗੀ। ਇਸ ਵਾਧੇ ਦਾ ਐਲਾਨ ਇੰਦਰਪ੍ਰਸਥ ਗੈਸ ਲਿਮਟਿਡ (IGL) ਨੇ ਕੀਤਾ ਹੈ। ਹੁਣ ਤੁਹਾਨੂੰ ਦਿੱਲੀ ਵਿੱਚ ਇੱਕ ਕਿਲੋਗ੍ਰਾਮ ਸੀਐਨਜੀ ਭਰਨ ਲਈ 79.56 ਰੁਪਏ ਅਦਾ ਕਰਨੇ ਪੈਣਗੇ। ਇਸ ਤੋਂ ਪਹਿਲਾਂ 8 ਅਕਤੂਬਰ ਨੂੰ ਦਿੱਲੀ ਵਿੱਚ ਸੀਐਨਜੀ ਦੀ ਕੀਮਤ ਵਧਾਈ ਗਈ ਸੀ।
ਪਿਛਲੀ ਵਾਰ ਦਿੱਲੀ ਵਿੱਚ ਸੀਐਨਜੀ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਸੀ। ਉਦੋਂ ਤੋਂ ਦਿੱਲੀ ‘ਚ CNG ਦੀ ਕੀਮਤ 78.61 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਸੀ। ਦੱਸ ਦੇਈਏ ਕਿ ਗੁਰੂਗ੍ਰਾਮ ‘ਚ CNG 86.94 ਰੁਪਏ ਪ੍ਰਤੀ ਕਿਲੋਗ੍ਰਾਮ, ਗਾਜ਼ੀਆਬਾਦ, ਨੋਇਡਾ-ਗ੍ਰੇਟਰ ਅਤੇ ਨੋਇਡਾ ‘ਚ 81.17 ਰੁਪਏ, ਰੇਵਾੜੀ ‘ਚ 78.61 ਰੁਪਏ ਅਤੇ ਫਰੀਦਾਬਾਦ ‘ਚ 84.19 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਉਪਲਬਧ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਮਾਰਚ ਤੋਂ ਬਾਅਦ ਇਹ 15ਵੀਂ ਵਾਰ ਹੈ ਜਦੋਂ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਕੁੱਲ ਮਿਲਾ ਕੇ 10 ਮਹੀਨਿਆਂ ‘ਚ CNG ਦੀ ਕੀਮਤ ‘ਚ 23.55 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਸੀਐਨਜੀ ਦੀ ਕੀਮਤ 36.16 ਰੁਪਏ ਪ੍ਰਤੀ ਲੀਟਰ ਸੀ, ਜੋ ਹੁਣ ਦਿੱਲੀ ਵਿੱਚ ਲਗਭਗ 80 ਰੁਪਏ ਤੱਕ ਪਹੁੰਚ ਗਈ ਹੈ। ਇਸ ਦਾ ਕਾਰਨ ਰੂਸ-ਯੂਕਰੇਨ ਯੁੱਧ ਤੋਂ ਪੈਦਾ ਹੋਏ ਪ੍ਰਤੀਕੂਲ ਵਿਸ਼ਵ ਹਾਲਾਤਾਂ ਨੂੰ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਸੀਐਨਜੀ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ
ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦੇ ਬਾਵਜੂਦ ਅੱਜ ਤੇਲ ਮਾਰਕੀਟਿੰਗ ਕੰਪਨੀਆਂ ਨੇ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਸਮੇਤ ਦੇਸ਼ ਦੇ ਕਈ ਹੋਰ ਸੂਬਿਆਂ ‘ਚ ਪੈਟਰੋਲ ਅਤੇ ਡੀਜ਼ਲ ਨੂੰ ਮਹਿੰਗਾ ਕਰ ਦਿੱਤਾ ਹੈ। ਮਹਾਰਾਸ਼ਟਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਰੀਬ 1 ਰੁਪਏ ਦਾ ਵਾਧਾ ਕੀਤਾ ਗਿਆ ਹੈ।