ਕੇਂਦਰੀ ਜੇਲ੍ਹ ਫਿਰੋਜ਼ਪੁਰ ਮੁੜ ਵਿਵਾਦਾਂ ‘ਚ, ਗੈਂਗਸਟਰ ਮਨਪ੍ਰੀਤ ਮੰਨਾ ਕੋਲੋਂ ਮੋਬਾਇਲ ਫੋਨ ਬਰਾਮਦ

0
161

ਜੇਲ੍ਹਾਂ ‘ਚ ਲਗਾਤਾਰ ਮੋਬਾਇਲ ਫੋਨ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਡੀ. ਆਈ. ਜੀ. ਫਿਰੋਜ਼ਪੁਰ ਸਰਕਲ ਤੇਜਿੰਦਰ ਸਿੰਘ ਮੌੜ ਅਤੇ ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਸ਼ਾਮਲ ਗੈਂਗਸਟਰ ਹਵਾਲਾਤੀ ਮਨਪ੍ਰੀਤ ਸਿੰਘ ਉਰਫ਼ ਮੰਨਾ ਕੋਲੋਂ ਮੋਬਾਇਲ ਬਰਾਮਦ ਹੋਣ ਦੀ ਖਬਰ ਸਾਹਮਣੇ ਆਈ ਹੈ।

ਦੱਸ ਦੇਈਏ ਕਿ ਸਹਾਇਕ ਸੁਪਰਡੈਂਟਾਂ ਨਿਰਮਲ ਸਿੰਘ ਅਤੇ ਗੁਰਤੇਜ ਸਿੰਘ ਦੀ ਅਗਵਾਈ ‘ਚ ਤਲਾਸ਼ੀ ਮੁਹਿੰਮ ਦੌਰਾਨ ਹਵਾਲਾਤੀਆਂ ਕੋਲੋਂ 13 ਮੋਬਾਇਲ ਬਰਾਮਦ ਕੀਤੇ ਗਏ ਹਨ, ਜਿਸ ਵਿੱਚ ਗੈਂਗਸਟਰ ਮਨਪ੍ਰੀਤ ਮੰਨਾ ਦਾ ਨਾਮ ਵੀ ਸ਼ਾਮਲ ਹੈ। ਪੁਲਿਸ ਨੇ 4 ਹਵਾਲਾਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ:ਮੁਹਾਲੀ ‘ਚ ਵਾਪਰੇ ਹਾਦਸੇ ‘ਚ ਪੁਲਿਸ ਨੇ FIR ਕੀਤੀ ਦਰਜ, ਕੁੱਝ ਵਿਅਕਤੀਆਂ ਨੂੰ ਲਿਆ…

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਫਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਤੇਜ ਸਿੰਘ ਨੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਨੇ ਮੌਕੇ ’ਤੇ ਪੁੱਜੇ ਡਿਪਟੀ ਸੁਪਰਡੈਂਟ ਯੋਗੇਸ਼ ਜੈਨ ਦੀ ਹਾਜ਼ਰੀ ਵਿੱਚ ਜੇਲ੍ਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਖ਼ੁਦ ਨੂੰ ਜ਼ਖ਼ਮੀ ਕਰਨ ਦੀ ਵੀ ਕੋਸ਼ਿਸ਼ ਕੀਤੀ।

ਸਹਾਇਕ ਸੁਪਰਡੈਂਟ ਅਨੁਸਾਰ ਜਦੋਂ ਉਨ੍ਹਾਂ ਦੀ ਟੀਮ ਨੇ ਬਲਾਕ ਨੰਬਰ 3 ਦੀ ਚੱਕੀ ਨੰਬਰ 1 ‘ਚ ਬੰਦ ਹਵਾਲਾਤੀ ਦੀ ਚੈਕਿੰਗ ਕੀਤਾ ਤਾਂ ਗੈਂਗਸਟਰ ਮਨਪ੍ਰੀਤ ਮੰਨਾ ਨੇ ਆਪਣਾ ਮੋਬਾਇਲ ਕੰਧ ਵਿੱਚ ਮਾਰ ਕੇ ਤੋੜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੋਬਾਇਲ ਥੋੜ੍ਹਾ ਟੁੱਟ ਗਿਆ ਪਰ ਪੁਲਿਸ ਨੇ ਉਸ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ । ਜਿਸ ਤੋਂ ਬਾਅਦ ਗੈਂਗਸਟਰ ਮੰਨਾ ਨੇ ਕੰਧ ਵਿੱਚ ਸਿਰ ਮਾਰ ਕੇ ਖ਼ੁਦ ਨੂੰ ਜ਼ਖ਼ਮੀ ਵੀ ਕਰਨਾ ਚਾਹਿਆ। ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਇੰਸਪੈਕਟਰ ਅਜਮੇਰ ਸਿੰਘ ਨੂੰ ਸੌਂਪੀ ਗਈ ਹੈ ਅਤੇ ਪੁਲਿਸ ਕਾਰਵਾਈ ਕਰ ਰਹੀ ਹੈ ਕਿ ਇਹ ਮੋਬਾਇਲ ਕਿੱਥੋਂ ਅਤੇ ਕਿਸ ਰਾਹੀਂ ਉਸ ਕੋਲ ਪਹੁੰਚਿਆ ਹੈ।

LEAVE A REPLY

Please enter your comment!
Please enter your name here