ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵੀਰ ਮਾਈਸਰਖਾਨਾ ਵੱਲੋਂ ਦੋਸ਼ ਲਾਏ ਗਏ ਹਨ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਉਸ ਉਪਰ ਟ੍ਰੈਕਟਰ ਚੜ੍ਹਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਵਿਧਾਇਕ ਨੇ ਆਪਣਾ ਆਪ ਨੂੰ ਬਚਾਅ ਲਿਆ। ਮਾਮਲਾ ਚੱਲ ਰਹੀ ਨਾਜਾਇਜ਼ ਮਾਈਨਿੰਗ ਉਪਰ ਛਾਪਾ ਮਾਰਨ ਦੌਰਾਨ ਵਾਪਰਿਆ।
ਦੱਸਿਆ ਜਾ ਰਿਹਾ ਹੈ ਵਿਧਾਇਕ ਰਾਤ ਸਮੇਂ 9 ਵਜੇ ਦੇ ਕਰੀਬ ਬਠਿੰਡਾ ਵੱਲ ਆ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਨੂੰ ਇੱਕ ਰੇਤੇ ਦੀ ਭਰੀ ਟਰਾਲੀ ਵਿਖਾਈ ਦਿੱਤੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ ਪਰੰਤੂ ਪੁਲਿਸ ਨਹੀਂ ਪੁੱਜੀ, ਜਿਸ ‘ਤੇ ਵਿਧਾਇਕ ਨੇ ਖੁਦ ਪਹੁੰਚ ਕੀਤੀ। ਵਿਧਾਇਕ ਦਾ ਕਹਿਣਾ ਹੈ ਕਿ ਇਹ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਜੋ ਕਿ ਮਾਈਨਿੰਗ ਐਕਟ ਤਹਿਤ ਆਉਂਦਾ ਹੈ ਜਦਕਿ ਦੂਜੇ ਪਾਸੇ ਮਾਮਲੇ ਉਪਰ ਭਾਰਤੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਇਹ ਕਿਸਾਨ ਖੇਤਾਂ ਵਿੱਚ ਮਿੱਟੀ ਪੱਧਰੀ ਕਰ ਰਹੇ ਸਨ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਈਨਿੰਗ ਮਾਫੀਆ ਦੇ 3 ਲੋਕਾਂ ਨੂੰ ਹਿਰਾਸਤ ਕਰ ਲਿਆ ਹੈ।