ਲੁਧਿਆਣਾ: ਲੁਧਿਆਣਾ ਤੋਂ ਇੱਕ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਜਿਸ ਬੱਚੇ ਦੀ ਭਾਲ ਲਈ ਮਾਂ-ਬਾਪ ਸੜਕਾਂ ‘ਤੇ ਫਿਰ ਰਹੇ ਸਨ, ਉਸ ਦੀ ਲਾਸ਼ ਇੱਕ ਨਹਿਰ ‘ਚੋਂ ਬਰਾਮਦ ਹੋਈ ਹੈ। ਦੋ ਦਿਨ ਪਹਿਲਾਂ ਅਬਦੁੱਲਾਪੁਰ ਬਸਤੀ ਵਿਚ ਘਰ ਦੇ ਬਾਹਰ ਸਾਈਕਲ ਚਲਾਉਂਦੇ ਸਮੇਂ ਲਾਪਤਾ ਹੋਏ 7 ਸਾਲਾ ਸਹਿਜਪ੍ਰੀਤ ਦੀ ਲਾਸ਼ ਐਤਵਾਰ ਸਵੇਰੇ ਦੋਰਾਹਾ ਨਹਿਰ ’ਚੋਂ ਬਰਾਮਦ ਹੋਈ ਹੈ। ਸਹਿਜ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਹੀ ਸਕੇ ਤਾਏ ਨੇ ਪਰਿਵਾਰਕ ਰੰਜਿਸ਼ ਦੇ ਚੱਲਦੇ ਕੀਤਾ ਹੈ।
ਪੁਲਿਸ ਪੁੱਛਗਿੱਛ ਦੌਰਾਨ ਤਾਏ ਨੇ ਗੁਨਾਹ ਕਬੂਲ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਹੀ ਸਹਿਜ ਦੀ ਲਾਸ਼ ਨਹਿਰ ’ਚੋਂ ਬਰਾਮਦ ਕੀਤੀ ਗਈ ਹੈ। ਪੁੱਤ ਦੀ ਮੌਤ ਦਾ ਪਤਾ ਚੱਲਦੇ ਹੀ ਮਾਂ-ਬਾਪ ਦਾ ਰੋ-ਰੋ ਕੇ ਬੁਰਾ ਹਾਲ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਲਾ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਿਜ ਦੋ-ਭੈਣਾਂ ਦਾ ਇਕਲੌਤਾ ਭਰਾ ਸੀ। ਇਕ ਭੈਣ 19 ਸਾਲ ਅਤੇ ਦੂਜੀ 15 ਸਾਲ ਹੈ।
ਸਹਿਜ ਪਹਿਲੀ ਜਮਾਤ ਵਿਚ ਪੜ੍ਹਦਾ ਸੀ। ਕਤਲ ਕਰਨ ਵਾਲਾ ਸਹਿਜ ਦਾ ਤਾਇਆ ਅਤੇ ਮਾਸੜ ਦੋਵੇਂ ਲੱਗਦਾ ਹੈ ਕਿਉਂਕਿ ਦੋਵੇਂ ਭਰਾਵਾਂ ਦਾ ਵਿਆਹ ਦੋਵੇਂ ਭੈਣਾਂ ਨਾਲ ਹੋਇਆ ਸੀ। ਕਾਫੀ ਸਮੇਂ ਤੋਂ ਪਰਿਵਾਰ ਵਿਚਾਲੇ ਜਾਇਦਾਦ ਨੂੰ ਲੈ ਕੇ ਆਪਸੀ ਵਿਵਾਦ ਚੱਲ ਰਿਹਾ ਸੀ।









