1 ਅਗਸਤ ਤੋਂ ਨਾਬਾਲਗ ਬੱਚੇ ਨਹੀਂ ਚਲਾ ਸਕਣਗੇ ਵਾਹਨ
ਪੰਜਾਬ ਪੁਲਿਸ ਵੱਲੋਂ 18 ਸਾਲ ਉਮਰ ਤੋਂ ਘੱਟ ਬੱਚਿਆਂ ਵੱਲੋਂ ਦੋਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਦੇ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜਿਸਦੇ ਮੱਦੇਨਜ਼ਰ 1 ਅਗਸਤ ਤੋਂ ਪੂਰੇ ਸੂਬੇ ਵਿੱਚ ਨਾਬਾਲਗਾਂ ਵੱਲੋਂ ਵਾਹਨ ਚਲਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।
ਇਸ ਸਬੰਧੀ ਪੰਜਾਬ ਪੁਲਿਸ ਦੇ ADGP ਟਰੈਫਿਕ ਐੱਸ. ਐੱਸ. ਰਾਏ ਨੇ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ SSPs ਨੂੰ ਪੱਤਰ ਭੇਜ ਕੇ ਹੁਕਮ ਦਿੱਤੇ ਹਨ ਕਿ ਮੋਟਰ ਵ੍ਹੀਕਲ ਐਕਟ ਦੇ ਸੈਕਸ਼ਨ 199ਏ, 199ਬੀ ਦੇ ਤਹਿਤ ਨਾਬਾਲਗ ਬੱਚੇ ਵਾਹਨ ਚਲਾਉਣ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਨ ਅਤੇ ਜੇਕਰ ਉਨ੍ਹਾਂ ਨੂੰ ਵਾਹਨ ਚਲਾਉਂਦੇ ਹੋਏ ਫੜਿਆ ਜਾਂਦਾ ਹੈ ਤਾਂ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ’ਤੇ ਵੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਪੱਤਰ ਵਿੱਚ ਕਿਹਾ ਕਿ ਹੁਣ ਜੁਰਮਾਨੇ ਅਤੇ ਸਜ਼ਾ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ । ਜਿਸ ਵਿੱਚ 25,000 ਰੁਪਏ ਜੁਰਮਾਨਾ ਅਤੇ 3 ਸਾਲ ਦੀ ਸਖ਼ਤ ਕੈਦ ਹੋ ਸਕਦੀ ਹੈ। ਇਸ ਸਬੰਧੀ ਸੂਬਾ ਪੱਧਰੀ ਟ੍ਰੈਫਿਕ ਸਲਾਹਕਾਰ ਕਮੇਟੀ ਦੇ ਮੈਂਬਰ ਵਿਨੋਦ ਅਗਰਵਾਲ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਨੇ ਪੂਰੇ ਸੂਬੇ ਵਿੱਚ 1 ਅਗਸਤ ਤੋਂ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ 31 ਜੁਲਾਈ ਤੱਕ ਜਾਗਰੂਕਤਾ ਕੈਂਪ ਲਾਉਣ ਦਾ ਫ਼ੈਸਲਾ ਕੀਤਾ, ਜਿਸ ਦੇ ਤਹਿਤ ਨਾਬਾਲਗ ਬੱਚਿਆਂ ਅਤੇ ਉਨ੍ਹਾਂ ਦੇ ਮਾਂ-ਬਾਪ ਅੰਦਰ ਜਾਗਰੂਕਤਾ ਪੈਦਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ:‘ਦੁਨੀਆ ਭਰ ‘ਚ ਪੈਰਿਸ ਓਲੰਪਿਕ ਦੀ ਚਰਚਾ, ਭਾਰਤੀ ਖਿਡਾਰੀਆਂ ਦਾ ਵਧਾਓ ਹੌਸਲਾ’ : PM ਮੋਦੀ || Latest News
ਇਸ ਤੋਂ ਅੱਗੇ ਉਨ੍ਹਾਂ ਨੇ ਦੱਸਿਆ ਕਿ 50 CC ਤੋਂ ਘੱਟ ਵਾਲੇ ਵਾਹਨ ’ਤੇ ਚਾਲਾਨ ਨਹੀਂ ਕੀਤਾ ਜਾਵੇਗਾ। ਅਜਿਹੇ ਵਾਹਨ ਚਲਾਉਣ ਵਾਲਿਆਂ ਦੇ ਮਾਂ-ਬਾਪ ਨੂੰ ਮੌਕੇ ’ਤੇ ਬੁਲਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਸਮਝਾਇਆ ਜਾਵੇਗਾ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਨਾ ਦੇਣ। ਉਨ੍ਹਾਂ ਕਿਹਾ ਕਿ ਨਾਬਾਲਗ ਬੱਚਿਆਂ ਵੱਲੋਂ ਵਾਹਨ ਚਲਾਉਣ ਨਾਲ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਉਸ ’ਤੇ ਰੋਕ ਲਗਾਉਣ ਦੇ ਮਕਸਦ ਨਾਲ ਹੀ ਇਹ ਕਦਮ ਚੁੱਕੇ ਗਏ ਹਨ।