ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵੱਲੋਂ ਜਲੰਧਰ ਪੱਛਮੀ ‘ਚ ਵਿਸ਼ਾਲ ਰੋਸ ਪ੍ਰਦਰਸ਼ਨ
ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵੱਲੋਂ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਕੌਮੀ ਕੋਆਰਡੀਨੇਟਰ ਡਾ. ਜਸਲੀਨ ਕੌਰ ਸੇਠੀ ਦੀ ਅਗਵਾਈ ਹੇਠ ਅੱਜ ਜਲੰਧਰ ਦੇ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਦਰਅਸਲ , ਇਹ ਰੋਸ ਪ੍ਰਦਰਸ਼ਨ ਜਲੰਧਰ ਪੱਛਮੀ ਖੇਤਰ ਵਿੱਚ ਪੀਣ ਵਾਲੇ ਪਾਣੀ ਦੇ ਗੰਭੀਰ ਦੂਸ਼ਿਤ ਹੋਣ ਦੇ ਕਰਕੇ ਕੀਤਾ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਦੀ ਪਹਿਲੀ ਬਾਰਸ਼ ਤੋਂ ਬਾਅਦ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦੇ ਪਾਣੀ ਦੀ ਮਿਲਾਵਟ ਹੋ ਰਹੀ ਹੈ।
ਗੋਡੇ-ਗੋਡੇ ਪਾਣੀ ਵਿੱਚ ਡੁੱਬੇ ਲੋਕ
ਦੱਸ ਦਈਏ ਕਿ ਸੀਜ਼ਨ ਦੇ ਸ਼ੁਰੂਆਤੀ ਮੀਂਹ ਤੋਂ ਬਾਅਦ ਇਸ ਖੇਤਰ ਨੂੰ ਭਾਰੀ ਸੇਮ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਵਿੱਚ ਜਲੰਧਰ ਪੱਛਮੀ ਦੇ ਵੱਡੇ ਖੇਤਰ ਗਲਤ ਨਿਕਾਸੀ ਪ੍ਰਣਾਲੀਆਂ ਕਾਰਨ ਗੋਡੇ-ਗੋਡੇ ਪਾਣੀ ਵਿੱਚ ਡੁੱਬ ਗਏ ਹਨ। ਇੱਥੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਸ ਨਾਲ ਮੱਛਰ ਪੈਦਾ ਹੁੰਦੇ ਹਨ ਅਤੇ ਟਾਈਫਾਈਡ ਵਰਗੀਆਂ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ |
ਇਹ ਰੋਸ ਮਾਰਚ ਕਰਨ ਤੋਂ ਪਹਿਲਾਂ ਬਸਤੀ ਗੁਜਨ ਪਾਰਕ ਅਤੇ ਬਸਤੀ ਸ਼ੇਖ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਨਗਰ ਨਿਗਮ ਜ਼ੋਨਲ ਦਫ਼ਤਰ ਵੱਲ ਰੋਸ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਨਗਰ ਨਿਗਮ ਦਫ਼ਤਰ ਦੇ ਬਾਹਰ ਗੰਦੇ ਪਾਣੀ ਦੇ ਘੜਿਆਂ ਨੂੰ ਪ੍ਰਤੀਕ ਰੂਪ ਵਿੱਚ ਤੋੜਿਆ ਗਿਆ।
ਪੀਣ ਵਾਲਾ ਸਾਫ਼ ਪਾਣੀ ਮੁੱਢਲਾ ਅਧਿਕਾਰ
ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੀਣ ਵਾਲਾ ਸਾਫ਼ ਪਾਣੀ ਮੁੱਢਲਾ ਅਧਿਕਾਰ ਹੈ ਅਤੇ ਜਲੰਧਰ ਪੱਛਮੀ ਦੇ ਵਾਸੀਆਂ ਨੂੰ ਇਹ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹਿਣ ਲਈ ਪ੍ਰਸ਼ਾਸਨ ਦੀ ਆਲੋਚਨਾ ਕੀਤੀ। ਉਨ੍ਹਾਂ ਪ੍ਰਸ਼ਾਸਨ ਅਤੇ ‘ਆਪ’ ਸਰਕਾਰ ਦੀ ਅਯੋਗਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਪੰਜਾਬ ਦੇ ਵਸਨੀਕ ਆਪਣੇ ਬੁਨਿਆਦੀ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਸਿਧਾਰਥ ਮਲਹੋਤਰਾ ਦੇ ਨਾਂ ‘ਤੇ ਫੈਨ ਨਾਲ ਹੋਈ 50 ਲੱਖ ਦੀ ਠੱਗੀ
ਪ੍ਰਧਾਨ ਰੰਧਾਵਾ ਨੇ ਜਲੰਧਰ ਪੱਛਮੀ ਦੇ ਵਸਨੀਕਾਂ ਨੂੰ 10 ਜੁਲਾਈ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਲਾਕੇ ਦੀ ਅਸਲ ਤਰੱਕੀ ਅਤੇ ਬਿਹਤਰੀ ਨੂੰ ਯਕੀਨੀ ਬਣਾਉਣ ਲਈ ਸੁਰਿੰਦਰ ਕੌਰ ਨੂੰ ਆਪਣਾ ਵੋਟ ਦੇ ਕੇ ਕਾਮਯਾਬ ਕਰੋ।