ਦੱਖਣੀ ਅਫਰੀਕਾ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਮਾਰਕ ਬਾਊਚਰ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਸੀਜ਼ਨ ਲਈ ਮੁੰਬਈ ਇੰਡੀਅਨਜ਼ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਫਰੈਂਚਾਇਜ਼ੀ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। 45 ਸਾਲਾ ਸਾਬਕਾ ਕ੍ਰਿਕਟਰ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਾਹੇਲਾ ਜੈਵਰਧਨੇ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਹਾਲ ਹੀ ਵਿੱਚ ਫਰੈਂਚਾਇਜ਼ੀ ਨੇ ਆਪਣਾ ਗਲੋਬਲ ਮੁਖੀ ਨਿਯੁਕਤ ਕੀਤਾ ਸੀ।
ਇਹ ਵੀ ਪੜ੍ਹੋ: ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਦਾ ਪਹਿਲਾ ਦੌਰ ਸਮਾਪਤ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ
ਬਾਊਚਰ ਦੱਖਣੀ ਅਫ਼ਰੀਕਾ ਦੀ ਪੁਰਸ਼ ਰਾਸ਼ਟਰੀ ਟੀਮ ਦੇ ਮੁੱਖ ਕੋਚ ਹਨ। ਉਨ੍ਹਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਐਲਾਨ ਕੀਤਾ ਸੀ ਕਿ ਉਹ ਆਗਾਮੀ ਟੀ-20 ਵਿਸ਼ਵ ਕੱਪ ਤੋਂ ਬਾਅਦ ਅਹੁਦਾ ਛੱਡ ਦੇਣਗੇ। ਬਾਊਚਰ ਨੇ ਇੱਥੇ ਜਾਰੀ ਬਿਆਨ ‘ਚ ਕਿਹਾ, ‘ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਵਜੋਂ ਨਿਯੁਕਤ ਹੋਣਾ ਸਨਮਾਨ ਅਤੇ ਖ਼ੁਸ਼ਕਿਸਮਤੀ ਦੀ ਗੱਲ ਹੈ। ਮੁੰਬਈ ਇੰਡੀਅਨਜ਼ ਦਾ ਇਤਿਹਾਸ ਅਤੇ ਪ੍ਰਾਪਤੀਆਂ ਉਸ ਨੂੰ ਖੇਡ ਜਗਤ ਦੀ ਸਭ ਤੋਂ ਸਫ਼ਲ ਫ੍ਰੈਂਚਾਇਜ਼ੀ ਵਿਚ ਸ਼ਾਮਲ ਕਰਦੇ ਹਨ। ਮੈਂ ਇਸ ਚੁਣੌਤੀ ਲਈ ਤਿਆਰ ਹਾਂ।’
ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਕਿਹਾ, ‘ਸਾਨੂੰ ਮੁੰਬਈ ਇੰਡੀਅਨਜ਼ ਵਿੱਚ ਮਾਰਕ ਬਾਊਚਰ ਦਾ ਸੁਆਗਤ ਕਰਕੇ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਮੈਦਾਨ ਦੇ ਅੰਦਰ ਅਤੇ ਬਾਹਰ ਆਪਣੀ ਮੁਹਾਰਤ ਨੂੰ ਸਾਬਤ ਕੀਤਾ ਹੈ ਅਤੇ ਉਮੀਦ ਹੈ ਕਿ ਉਹ ਮੁੰਬਈ ਇੰਡੀਅਨਜ਼ ਦੀ ਵਿਰਾਸਤ ਨੂੰ ਸਫਲਤਾਪੂਰਵਕ ਅੱਗੇ ਵਧਾਉਣਗੇ।’