ਨਹੀਂ ਪੂਰੀ ਹੋਈ ਮਨੂ ਭਾਕਰ ਦੀ ਹੈਟ੍ਰਿਕ, ਮਹਿਲਾ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ
ਓਲੰਪਿਕ ‘ਚ ਮਨੂ ਭਾਕਰ ਦੀ ਇਤਿਹਾਸਕ ਹੈਟ੍ਰਿਕ ਪੂਰੀ ਨਹੀਂ ਹੋ ਸਕੀ। ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਪੈਰਿਸ ਓਲੰਪਿਕ ਖੇਡਾਂ ਦੇ 25 ਮੀਟਰ ਮਹਿਲਾ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹਿ ਕੇ ਰਿਕਾਰਡ ਤੀਜਾ ਤਗ਼ਮਾ ਜਿੱਤਣ ਤੋਂ ਖੁੰਝ ਗਈ। ਉਸਦਾ ਮੁਕਾਬਲਾ ਅੱਜ ਹੰਗਰੀ ਦੀ ਮੇਜਰ ਵੇਰੋਨਿਕਾ ਨਾਲ ਸੀ।
ਫਾਈਨਲ ਵਿੱਚ ਮਨੂ ਨੇ 28 ਅੰਕ ਬਣਾਏ ਜਦਕਿ ਕਾਂਸੀ ਦਾ ਤਗ਼ਮਾ ਜੇਤੂ ਹੰਗਰੀ ਦੀ ਮੇਜਰ ਵੇਰੋਨਿਕਾ ਨੇ 31 ਅੰਕ ਬਣਾਏ। ਕੋਰੀਆਈ ਨਿਸ਼ਾਨੇਬਾਜ਼ ਯੰਗ ਜਿਓਨ ਨੇ 37 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ। ਫਰਾਂਸ ਦੀ ਕੈਮਿਲ ਨੇ ਚਾਂਦੀ ਦਾ ਤਗਮਾ ਜਿੱਤਿਆ। ਉਸਨੇ ਵੀ 37 ਅੰਕ ਬਣਾਏ, ਪਰ ਗੋਲਡ ਲਈ ਸ਼ੂਟ-ਆਫ ਵਿੱਚ ਟੀਚੇ ‘ਤੇ ਸਿਰਫ਼ ਇੱਕ ਹੀ ਨਿਸ਼ਾਨਾ ਬਣਾ ਸਕੀ।
ਦੱਸ ਦਈਏ ਕਿ 22 ਸਾਲ ਦੀ ਮਨੂ ਨੇ 10 ਮੀਟਰ ਪਿਸਟਲ ਅਤੇ 10 ਮੀਟਰ ਪਿਸਟਲ ਮਿਕਸਡ ਈਵੈਂਟ ਵਿੱਚ ਇੱਕ-ਇੱਕ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਮਨੂ ਤੋਂ ਇਲਾਵਾ ਅੱਜ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਅਤੇ ਭਜਨ ਕੌਰ ਤੀਰਅੰਦਾਜ਼ੀ ਦੇ ਮਹਿਲਾ ਵਿਅਕਤੀਗਤ ਵਰਗ ਵਿੱਚ ਰਾਊਂਡ ਆਫ 16 ਮੈਚ ਖੇਡਣਗੀਆਂ।