ਵਿਦੇਸ਼ ਰਹਿੰਦੇ ਵਿਅਕਤੀ ਦੀ ਜ਼ਮੀਨ ਦਾ ਸੌਦਾ ਕਰਕੇ ਠੱਗੇ 90 ਲੱਖ, ਪੁਲਿਸ ਵੱਲੋਂ ਮਾਮਲਾ ਦਰਜ
ਕੈਨੇਡਾ ਰਹਿੰਦੇ ਵਿਅਕਤੀ ਦੀ ਜ਼ਮੀਨ ਦਾ ਸੌਦਾ ਕਰਕੇ 90 ਲੱਖ ਦੀ ਠੱਗੀ ਮਾਰਨ ਦੇ ਦੋਸ਼ ਅਧੀਨ ਪੁਲਿਸ ਵੱਲੋਂ ਇੱਕ ਵਿਅਕਤੀ ਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਕੁਲਵੰਤ ਸਿੰਘ ਵਾਸੀ ਪਿੰਡ ਧਿਆਨਪੁਰਾ, ਤਹਿਸੀਲ ਮੋਰਿੰਡਾ, ਜ਼ਿਲ੍ਹਾ ਰੂਪਨਗਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ।
ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਜ਼ਮੀਨ ਖ਼੍ਰੀਦਣਾ ਚਾਹੁੰਦਾ ਸੀ, ਇਸ ਸਬੰਧੀ ਉਸ ਦੀ ਮੁਲਾਕਾਤ ਬਲਜੀਤ ਸਿੰਘ (ਜਾਅਲੀ ਨਾਂ) ਨਾਲ ਹੋਈ। ਉਸ ਨੇ ਮੈਨੂੰ ਪਿੰਡ ਅਸਗਰੀਪੁਰ, ਤਹਿਸੀਲ ਖੰਨਾ ਵਿਖੇ ਗੁਰਮੇਲ ਸਿੰਘ, ਨਰਿੰਦਰ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ ਦੀ ਜ਼ਮੀਨ ਦਿਖਾ ਦਿੱਤੀ। 23-08-2024 ਨੂੰ ਉਸ ਵੱਲੋ ਉਕਤ ਜ਼ਮੀਨ ਦਾ ਬਿਆਨਾ ਕੀਤਾ ਗਿਆ।
ਅਣਪਛਾਤੇ ਵਿਅਕਤੀਆਂ ਵੱਲੋ 10,00,000 ਰੁਪਏ ਰਕਮ ਦੇ ਚੈੱਕ ਕੈਸ਼ ਕਰਵਾਏ ਗਏ
ਬਲਜੀਤ ਸਿੰਘ ਤੇ ਉਸ ਦੇ ਅਣਪਛਾਤੇ ਵਿਅਕਤੀਆਂ ਵੱਲੋ 10,00,000 ਰੁਪਏ ਰਕਮ ਦੇ ਚੈੱਕ ਕੈਸ਼ ਕਰਵਾਏ ਗਏ ਹਨ ਅਤੇ 80,00,000 ਰੁਪਏ ਉਸ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਨਕਦ ਅਦਾ ਕਰ ਦਿੱਤੇ ਗਏ। ਕਿਸੇ ਕਾਰਨ ਉਸ ਨੂੰ ਇਹ ਵਿਅਕਤੀਆਂ ’ਤੇ ਸ਼ੱਕ ਹੋਇਆ ਤਾਂ ਜਿਸ ਨੇ ਖੁਦ ਪਿੰਡ ਅਸਗਰੀਪੁਰ ਜਾ ਕੇ ਪਤਾ ਕੀਤਾ ਤਾਂ ਸਾਨੂੰ ਪਤਾ ਲੱਗਿਆ ਕਿ ਉਕਤ ਜ਼ਮੀਨ ਦੇ ਮਾਲਕ ਕੈਨੇਡਾ ਵਿਖੇ ਰਹਿੰਦੇ ਹਨ ਤੇ ਇਨ੍ਹਾਂ ਵਿਅਕਤੀਆ ਵੱਲੋ ਸਾਰੇ ਕਾਗਜ਼ਾਤ ਜਾਅਲੀ ਬਣਾ ਕੇ ਮੇਰੇ ਨਾਲ ਠੱਗੀ ਮਾਰੀ ਗਈ।
ਇਸ ਸਬੰਧੀ ਜਦੋਂ ਪਿੰਡ ਦੇ ਵਿਅਕਤੀਆਂ ਵੱਲੋ ਹੋਰ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਲਕਾਂ ’ਚੋ ਅਵਤਾਰ ਸਿੰਘ ਦੀ ਮੌਤ 1992 ’ਚ ਹੋ ਚੁੱਕੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਅਵਤਾਰ ਸਿੰਘ ਦੇ ਵੀ ਜਾਅਲੀ ਦਸਤਾਵੇਜ਼ ਤਿਆਰ ਕੀਤੇ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।