ਬਠਿੰਡਾ ‘ਚ ਇੱਕ ਬਜ਼ੁਰਗ ਮਹਿਲਾ ਦਾ ਕਤਲ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਠਿੰਡਾ ਦੀ ਖੇਤਾ ਸਿੰਘ ਬਸਤੀ ‘ਚ ਸ਼ਨੀਵਾਰ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਇੱਕ ਘਰ ‘ਚ ਦਾਖਲ ਹੋ ਕੇ ਇੱਕ ਔਰਤ ਸਮੇਤ ਦੋ ਵਿਅਕਤੀਆਂ ‘ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਮਹਿਲਾ ਦਾ ਲੜਕਾ ਖੂਨ ਨਾਲ ਲੱਥਪੱਥ ਬੇਹੋਸ਼ ਹੋ ਗਿਆ। ਇਹ ਮਹਿਲਾ ਕਰਿਆਨੇ ਦੀ ਦੁਕਾਨ ਚਲਾਉਂਦੀ ਸੀ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਏ। ਕਤਲ ਦਾ ਖੁਲਾਸਾ ਅੱਜ ਸਵੇਰੇ ਹੋਇਆ। ਔਰਤ ਸਮੇਤ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ।ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਲੜਕੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਸਮੇਤ ਮੌਕੇ ਤੋਂ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਖ਼ਮੀ ਦੀ ਹਾਲਤ ਗੰਭੀਰ ਹੋਣ ਕਾਰਨ ਪੁਲਿਸ ਉਸ ਦੇ ਬਿਆਨ ਦਰਜ ਨਹੀਂ ਕਰ ਸਕੀ। ਮੁੱਢਲੀ ਜਾਂਚ ਮੁਤਾਬਕ ਮਾਮਲਾ ਲੁੱਟ ਦਾ ਜਾਪਦਾ ਹੈ। ਬਠਿੰਡਾ ਪੁਲਿਸ ਡੂੰਘਾਈ ਨਾਲ ਜਾਂਚ ਵਿੱਚ ਜੁਟੀ ਹੋਈ ਹੈ।