ਮੋਰਨੀ ਹਿਲਜ਼ ‘ਚ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਬੱਸ ਪਲਟੀ
ਪੰਚਕੂਲਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਮੋਰਨੀ ਪਹਾੜੀਆਂ ਦੇ ਟਿੱਕਰ ਤਾਲ ਰੋਡ ‘ਤੇ ਥਲ ਪਿੰਡ ਨੇੜੇ ਬਾਹਰੋਂ ਆ ਰਹੀ ਬੱਚਿਆਂ ਨਾਲ ਭਰੀ ਬੱਸ ਪਲਟ ਗਈ। ਇਹ ਬੱਚੇ ਪੰਜਾਬ ਤੋਂ ਮੋਰਨੀ ਪਹਾੜੀਆਂ ਨੂੰ ਦੇਖਣ ਆਏ ਸਨ। ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਬੱਸ ‘ਚੋਂ ਬਾਹਰ ਕੱਢਿਆ। ਜ਼ਖਮੀ ਬੱਚਿਆਂ ਨੂੰ ਇਲਾਜ ਲਈ ਪੰਚਕੂਲਾ ਦੇ ਸੈਕਟਰ 6 ਵਿਖੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਚੇ ਮਲੇਰਕੋਟਲਾ ਤੋਂ ਇਥੇ ਘੁੰਮਣ ਆਏ ਸਨ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੱਸ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਡਰਾਈਵਰ ਵੱਲੋਂ ਬੱਸ ਨੂੰ ਤੇਜ਼ ਰਫਤਾਰ ਨਾਲ ਚਲਾਉਣ ਕਾਰਨ ਇਹ ਹਾਦਸਾ ਵਾਪਰਿਆ।