ਰਾਜਪੁਰਾ ਦੇ ਇਕ ਪੱਤਰਕਾਰ ਵੱਲੋਂ ਖੁਦਕੁਸ਼ੀ ਕਰਨ ਸਮੇਂ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਖਿਲਾਫ ਦੋਸ਼ ਲਗਾਏ ਗਏ ਸਨ। ਇਸੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਹਰਦਿਆਲ ਕੰਬੋਜ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਵਿਖੇ ਰਮੇਸ਼ ਸ਼ਰਮਾ ਨਾਂ ਦੇ ਇਕ ਪੱਤਰਕਾਰ ਵੱਲੋਂ ਆਤਮਹੱਤਿਆ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਰਾਜਪੁਰਾ ਦੀ ਪੁਲਸ ਵਲੋਂ ਨਾਮਜ਼ਦ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਸ ਨੂੰ ਖਦਸ਼ਾ ਹੈ ਕਿ ਕੰਬੋਜ ਵਿਦੇਸ਼ ਭੱਜਣ ਦੀ ਫਿਰਾਕ ਵਿਚ ਹਨ। ਜਿਸ ਦੇ ਚੱਲਦੇ ਪੁਲਸ ਨੇ ਸਾਰੇ ਹਵਾਈ ਅੱਡਿਆਂ ’ਤੇ ਇਹ ਨੋਟਿਸ ਭੇਜ ਦਿੱਤਾ ਹੈ। ਦਰਅਸਲ ਖ਼ੁਦਕੁਸ਼ੀ ਨੋਟ ਵਿਚ ਪੱਤਰਕਾਰ ਨੇ ਸਾਬਕਾ ਵਿਧਾਇਕ ’ਤੇ ਵੱਡੇ ਦੋਸ਼ ਲਗਾਏ ਸਨ। ਪੱਤਰਕਾਰਾਂ ਨੇ ਨਾ ਸਿਰਫ ਸੁਸਾਈਡ ਨੋਟ ਲਿਖਿਆ ਸਗੋਂ ਮਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ, ਜਿਸ ਵਿਚ ਉਸ ਨੇ ਕੰਬੋਜ ’ਤੇ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਆਖੀ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ।
ਇਸ ਘਟਨਾ ਤੋਂ ਬਾਅਦ ਹੀ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਫਰਾਰ ਚੱਲ ਰਹੇ ਹਨ , ਜਿਸ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸ ਦਰਮਿਆਨ ਪੁਲਸ ਨੇ ਸ਼ੱਕ ਜ਼ਾਹਰ ਕੀਤਾ ਕਿ ਕੰਬੋਜ ਆਪਣੇ ਪੁੱਤਰ ਸਮੇਤ ਵਿਦੇਸ਼ ਭੱਜਣ ਦੀ ਫਿਰਾਕ ਵਿਚ ਹਨ, ਜਿਸ ਦੇ ਚੱਲਦੇ ਪੁਲਸ ਨੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ 11 ਨਵੰਬਰ ਨੂੰ ਰਾਜਪੁਰਾ ਦੇ ਸ਼ਿਵਾ ਜੀ ਪਾਰਕ ’ਚੋਂ ਰਮੇਸ਼ ਸ਼ਰਮਾ ਦੀ ਲਾਸ਼ ਬਰਾਮਦ ਹੋਈ ਸੀ। ਪੁਲਸ ਨੂੰ ਉਥੋਂ ਇਕ ਸੁਸਾਈਡ ਨੋਟ ਵੀ ਮਿਲਿਆ। ਦੂਜੇ ਪਾਸੇ ਇਸ ਮਾਮਲੇ ’ਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ। ਇਸ ’ਚ ਮਰਨ ਤੋਂ ਪਹਿਲਾਂ ਰਮੇਸ਼ ਸ਼ਰਮਾ ਨੇ ਕਾਫੀ ਵਿਅਕਤੀਆਂ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦਾ ਦੋਸ਼ੀ ਦੱਸਿਆ ਸੀ।