ਲੋਕ ਸਭਾ ਚੋਣਾਂ: ਲੁਧਿਆਣਾ ਡੀਸੀ ਵੱਲੋਂ ਬਾਹਰ ਤੋਂ ਆਏ ਲੋਕਾਂ ਨੂੰ ਜ਼ਿਲ੍ਹਾ ਛੱਡਣ ਦੇ ਹੁਕਮ
ਲੁਧਿਆਣਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਅੱਜ ਐਲਾਨ ਕੀਤਾ ਕਿ ਜਿਹੜੇ ਵਿਅਕਤੀ ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਰਜਿਸਟਰਡ ਵੋਟਰ ਨਹੀਂ ਹਨ, ਉਨ੍ਹਾਂ ਨੂੰ ਜ਼ਿਲ੍ਹੇ ਦੇ ਅੰਦਰ ਰਹਿਣ ਦੀ ਮਨਾਹੀ ਹੈ।
ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਲੁਧਿਆਣਾ ਪੂਰਬੀ, ਲੁਧਿਆਣਾ ਉਤਰੀ, ਲੁਧਿਆਣਾ ਦੱਖਣੀ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਆਤਮ ਨਗਰ, ਗਿੱਲ, ਜਗਰਾਉਂ, ਦਾਖਾ (ਲੁਧਿਆਣਾ ਸੰਸਦੀ ਹਲਕੇ ਵਿੱਚ ਪੈਂਦੇ ਹਨ), ਨਾਲ ਹੀ ਖੰਨਾ, ਸਾਹਨੇਵਾਲ, ਸਮਰਾਲਾ, ਰਾਏਕੋਟ ਅਤੇ ਪਾਇਲ (ਫਤਹਿਗੜ੍ਹ ਸਾਹਿਬ ਸੰਸਦੀ ਹਲਕੇ ਵਿੱਚ ਪੈਂਦੇ ਹਨ) ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਦੇ ਅੰਦਰ ਕਿਸੇ ਵੀ ਰਿਹਾਇਸ਼ ਜਿਵੇਂ ਕਿ ਹੋਟਲ, ਹੋਸਟਲ, ਗੈਸਟ ਹਾਊਸ, ਮੋਟਲ, ਪੀਜੀ ਰਿਹਾਇਸ਼, ਜਾਂ ਇਸ ਤਰ੍ਹਾਂ ਦੇ ਅਦਾਰਿਆਂ ਵਿੱਚ ਅਜਿਹੇ ਵਿਅਕਤੀਆਂ ਨੂੰ ਰਹਿਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ, ਜੋ ਜ਼ਿਲ੍ਹੇ ਦੇ ਰਜਿਸਟਰਡ ਵੋਟਰ ਨਹੀਂ ਹਨ ਅਤੇ ਕਿਸੇ ਹੋਰ ਜ਼ਿਲ੍ਹੇ ਜਾਂ ਰਾਜ ਤੋਂ ਹਨ। ਇਹ ਪਾਬੰਦੀਆਂ 30 ਮਈ ਨੂੰ ਸ਼ਾਮ 6 ਵਜੇ ਤੋਂ 1 ਜੂਨ ਤੱਕ ਵੋਟਾਂ ਪੈਣ ਤੱਕ ਲਾਗੂ ਰਹਿਣਗੀਆਂ।