ਲਾਲ ਕ੍ਰਿਸ਼ਨ ਅਡਵਾਨੀ ਦੀ ਵਿਗੜੀ ਸਿਹਤ, AIIMS ਹਸਪਤਾਲ ‘ਚ ਕਰਵਾਇਆ ਗਿਆ ਭਰਤੀ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀਰਵਾਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ‘ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਭਾਜਪਾ ਆਗੂ ਦੀ ਹਾਲਤ ਸਥਿਰ ਹੈ ਅਤੇ ਉਸ ਨੂੰ ਯੂਰੋਲੋਜੀ ਵਿਭਾਗ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ 30 ਮਾਰਚ, 2024 ਨੂੰ ਰਾਸ਼ਟਰਪਤੀ ਦ੍ਰੋਪਦੀ ਦੁਆਰਾ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਲੰਬੇ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ | ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਮੈਡੀਕਲ ਚੈਕਅੱਪ ਕਰ ਰਹੀ ਸੀ | ਡਾਕਟਰਾਂ ਨੇ ਉਹਨਾਂ ਦੀ ਹਾਲਤ ਸਥਿਰ ਦੱਸੀ ਹੈ। ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਇਸ ਤੋਂ ਪਹਿਲਾਂ ਵੀ ਬੁਢਾਪਾ ਹੋਣ ਕਾਰਨ ਡਾਕਟਰ ਵੱਲੋਂ ਘਰ ਜਾ ਕੇ ਉਨ੍ਹਾਂ ਦੀ ਨਿਯਮਤ ਸਿਹਤ ਜਾਂਚ ਕੀਤੀ ਜਾਂਦੀ ਸੀ।
ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ
ਏਮਜ਼ ਮੀਡੀਆ ਸੈੱਲ ਦੀ ਇੰਚਾਰਜ ਡਾਕਟਰ ਰੀਮਾ ਦਾਦਾ ਨੇ ਦੱਸਿਆ ਕਿ ਅਡਵਾਨੀ ਜੀ ਡਾਕਟਰ ਅਮਲੇਸ਼ ਸੇਠ ਦੀ ਨਿਗਰਾਨੀ ਹੇਠ ਦਾਖ਼ਲ ਹਨ ਅਤੇ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ। ਧਿਆਨਯੋਗ ਹੈ ਕਿ 96 ਸਾਲਾ ਅਡਵਾਨੀ ਜੀ ਦੀ ਪਤਨੀ ਕਮਲਾ ਅਡਵਾਨੀ ਦੀ ਅਪ੍ਰੈਲ 2016 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਉਹ ਆਪਣੀ ਬੇਟੀ ਪ੍ਰਤਿਭਾ ਅਡਵਾਨੀ ਨਾਲ ਪ੍ਰਿਥਵੀਰਾਜ ਰੋਡ ‘ਤੇ ਸਥਿਤ ਸਰਕਾਰੀ ਬੰਗਲੇ ‘ਚ ਰਹਿੰਦੇ ਹਨ।
ਜੇਪੀ ਨੱਡਾ ਨੇ ਏਮਜ਼ ਦੇ ਡਾਇਰੈਕਟਰ ਐਮ ਸ੍ਰੀਨਿਵਾਸ ਨਾਲ ਫ਼ੋਨ ‘ਤੇ ਕੀਤੀ ਗੱਲ
ਇਸ ਦੇ ਨਾਲ ਹੀ ਅੱਜ ਸਵੇਰੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਏਮਜ਼ ਦੇ ਡਾਇਰੈਕਟਰ ਐਮ ਸ੍ਰੀਨਿਵਾਸ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਅਡਵਾਨੀ ਦੀ ਸਿਹਤ ਬਾਰੇ ਜਾਣਕਾਰੀ ਲਈ। ਉਨ੍ਹਾਂ ਅਡਵਾਨੀ ਦੇ ਬੇਟੇ ਜਯੰਤ ਅਤੇ ਬੇਟੀ ਪ੍ਰਤਿਭਾ ਨਾਲ ਵੀ ਫੋਨ ‘ਤੇ ਗੱਲ ਕੀਤੀ। ਲਾਲ ਕ੍ਰਿਸ਼ਨ ਅਡਵਾਨੀ 1998 ਤੋਂ 2004 ਤੱਕ ਦੇਸ਼ ਦੇ ਗ੍ਰਹਿ ਮੰਤਰੀ ਅਤੇ 2002 ਤੋਂ 2004 ਤੱਕ ਉਪ ਪ੍ਰਧਾਨ ਮੰਤਰੀ ਰਹੇ ਹਨ ।