KKR ਨੇ ਤੀਜੀ ਵਾਰ ਜਿੱਤਿਆ IPL ਦਾ ਖਿਤਾਬ
ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2024 ਦੇ ਇਕਤਰਫਾ ਫਾਈਨਲ ਵਿਚ ਸਨਰਾਈਜ਼ਰਸ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤੀਜਾ ਖਿਤਾਬ ਜਿੱਤ ਲਿਆ।
ਕੇਕੇਆਰ ਨੇ ਗੌਤਮ ਗੰਭੀਰ ਦੀ ਕਪਤਾਨੀ ਵਿੱਚ 2012 ਅਤੇ 2014 ਵਿੱਚ ਆਈਪੀਐਲ ਟਰਾਫੀ ਜਿੱਤੀ ਸੀ। ਹੁਣ ਗੁਰੂ ਗੰਭੀਰ ਨੇ ਕੁਸ਼ਲ ਰਣਨੀਤੀਕਾਰ ਵਜੋਂ ਕੇਕੇਆਰ ਨੂੰ ਤੀਜੀ ਟਰਾਫੀ ਦਿੱਤੀ। ਕੇਕੇਆਰ ਇਸ ਤਰ੍ਹਾਂ ਚੇਨਈ ਸੁਪਰ ਕਿੰਗਜ਼ ਭਾਵ ਸੀਐਸਕੇ (ਪੰਜ) ਅਤੇ ਮੁੰਬਈ ਇੰਡੀਅਨਜ਼ (ਪੰਜ) ਤੋਂ ਬਾਅਦ ਤਿੰਨ ਆਈਪੀਐਲ ਖ਼ਿਤਾਬ ਜਿੱਤਣ ਵਾਲੀ ਤੀਜੀ ਟੀਮ ਬਣ ਗਈ।
ਗੌਤਮ ਗੰਭੀਰ ਤੋਂ ਇਲਾਵਾ ਮੁੱਖ ਕੋਚ ਚੰਦਰਕਾਂਤ ਪੰਡਿਤ, ਜੋ ਰਣਜੀ ਟਰਾਫੀਆਂ ਜਿੱਤਣਾ ਜਾਣਦੇ ਹਨ, ਨੇ ਇਸ ਖਿਤਾਬ ਨੂੰ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਸੀਜ਼ਨ ਦਾ ਸਭ ਤੋਂ ਵੱਧ ਸਕੋਰ (ਤਿੰਨ ਵਿਕਟਾਂ ‘ਤੇ 287 ਦੌੜਾਂ) ਬਣਾਉਣ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਫਾਈਨਲ ‘ਚ ਹਾਰ ਗਈ ਅਤੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਤੋਂ ਬਾਅਦ 18.3 ਓਵਰਾਂ ‘ਚ ਸਿਰਫ਼ 113 ਦੌੜਾਂ ‘ਤੇ ਹੀ ਢੇਰ ਹੋ ਗਈ।
ਇਹ ਆਈਪੀਐਲ ਫਾਈਨਲ ਦਾ ਸਭ ਤੋਂ ਘੱਟ ਸਕੋਰ ਵੀ ਸੀ। ਇਸ ਸੀਜ਼ਨ ਵਿੱਚ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਣ ਵਾਲੇ ਕੇਕੇਆਰ ਨੇ ਵੈਂਕਟੇਸ਼ ਅਈਅਰ (ਅਜੇਤੂ 52 ਦੌੜਾਂ) ਅਤੇ ਰਹਿਮਾਨਉੱਲ੍ਹਾ ਗੁਰਬਾਜ਼ (39 ਦੌੜਾਂ) ਦੀ ਮਦਦ ਨਾਲ ਉਨ੍ਹਾਂ ਨੇ 10.3 ਓਵਰਾਂ ਵਿੱਚ ਦੋ ਵਿਕਟਾਂ ’ਤੇ 114 ਦੌੜਾਂ ਬਣਾ ਕੇ ਇਹ ਸਕੋਰ ਹਾਸਲ ਕੀਤਾ। ਵੈਂਕਟੇਸ਼ ਅਈਅਰ ਨੇ 26 ਗੇਂਦਾਂ ਵਿੱਚ ਚਾਰ ਚੌਕੇ ਤੇ ਤਿੰਨ ਛੱਕੇ ਜੜੇ ਜਦਕਿ ਗੁਰਬਾਜ਼ ਨੇ 32 ਗੇਂਦਾਂ ਵਿੱਚ ਪੰਜ ਚੌਕੇ ਤੇ ਦੋ ਛੱਕੇ ਲਾਏ। ਗੁਰਬਾਜ਼ ਨੇ ਸਟੰਪ ਦੇ ਪਿੱਛੇ ਤਿੰਨ ਸ਼ਾਨਦਾਰ ਕੈਚ ਵੀ ਲਏ।