ਖੰਨਾ ਪੁਲਿਸ ਨੇ NRI ਮਹਿਲਾ ਦੇ ਕਤਲ ਦੀ ਗੁੱਥੀ ਸੁਲਝਾਈ, ਕਾ.ਤਲ ਕੀਤਾ ਗ੍ਰਿਫਤਾਰ
ਖੰਨਾ ਪੁਲਿਸ ਨੇ NRI ਮਹਿਲਾ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਕੱਲੀ ਰਹਿ ਰਹੀ 43 ਸਾਲਾ ਔਰਤ ਦਾ 5 ਸਤੰਬਰ ਨੂੰ ਘਰ ਅੰਦਰ ਹੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।
ਜਿਸ ਦੇ 9 ਮਹੀਨੇ ਬੀਤ ਜਾਣ ਤੋਂ ਬਾਅਦ ਪਾਇਲ ਪੁਲਸ ਨੇ ਥਾਣਾ ਮੁੱਖੀ ਸਬ-ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਵਿਚ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਇਕ ਵਿਅਕਤੀ (ਪ੍ਰੇਮੀ) ਨੂੰ ਇਸ ਮਾਮਲੇ ‘ਚ ਨਾਮਜਦ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਅਨੁਸਾਰ ਮੁਲਜ਼ਮ ਦੀ ਪਹਿਚਾਣ ਵਿਨੋਦ ਕੁਮਾਰ ਪੁੱਤਰ ਜੀਤ ਰਾਮ ਵਾਸੀ ਪਿੰਡ ਕੁਨੈਲ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਸਬ ਡਵੀਜ਼ਨ ਪਾਇਲ ਦੇ ਡੀ.ਐਸ.ਪੀ. ਨਿਖਿਲ ਗਰਗ ਨੇ ਪਾਇਲ ਵਿਖੇ ਥਾਣਾ ਮੁੱਖੀ ਸਬ-ਇੰਸਪੈਕਟਰ ਸਤਨਾਮ ਸਿੰਘ ਦੇ ਦਫਤਰ ਵਿੱਚ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੀਤੀ 5 ਸਤੰਬਰ ਨੂੰ ਪਾਇਲ ਵਿਖੇ ਪਾਇਲ ਦੇ ਰਾੜਾ ਸਾਹਿਬ ਰੋਡ ਤੇ ਰਹਿਣ ਵਾਲੀ ਇੱਕ ਔਰਤ ਰਣਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਵਾਰਡ ਨੰਬਰ 11, ਪਾਇਲ ਜ਼ਿਲਾ ਲੁਧਿਆਣਾ ਦਾ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਜਿਸ ਦੇ ਆਦਾਰ ‘ਤੇ ਮੁੱਕਦਮਾ ਨੰਬਰ 94 ਮਿਤੀ 07.09.2023 ਜੁਰਮ 302, 34 ਆਈ ਪੀ.ਸੀ ਥਾਣਾ ਪਾਇਲ ਵਿਖੇ ਸੁਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਵਾਰਡ ਨੰਬਰ 11, ਥਾਣਾ ਪਾਇਲ, ਦੇ ਬਿਆਨ ‘ਤੇ ਨਾ-ਮਲੂਮ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਹੋਇਆ ਸੀ। ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਪਤਨੀ ਰਣਜੀਤ ਕੌਰ ਮਿਤੀ 5.9.2023 ਨੂੰ ਘਰ ਵਿਚ ਇੱਕਲੀ ਸੀ। ਜਿਸਦੀ ਲਾਸ਼ ਘਰ ਵਿੱਚ ਗਰਾਂਊਂਡ ਫਲੌਰ ਦੇ ਬਾਥਰੂਮ ਦੇ ਸਾਹਮਣੇ ਸਿੱਧੀ ਪਈ ਸੀ ਅਤੇ ਉਸਦੇ ਸਿਰ ਵਿੱਚੋਂ ਕਾਫੀ ਖੂਨ ਨਿਕਲਿਆ ਹੋਇਆ ਸੀ, ਜਿਸ ਦਾ ਕਤਲ ਕਿਸੇ ਨਾ-ਮਾਲੂਮ ਵਿਅਕਤੀ ਵੱਲੋਂ ਕੀਤਾ ਗਿਆ ਹੈ।
ਕਤਲ ਕਰਨ ਤੋਂ ਬਾਅਦ ਮੁਲਜ਼ਮ ਵਿਦੇਸ਼ ਦੋੜ ਗਿਆ
ਪੁਲਸ ਅਧਿਕਾਰੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸੰਜੀਵ ਕੁਮਾਰ ਪੁੱਤਰ ਦਰਿਆਈ ਲਾਲ ਵਾਸੀ ਪਾਇਲ ਦੇ ਬਿਆਨਾਂ ਦੇ ਆਧਾਰ ‘ਤੇ ਵਿਨੋਦ ਕੁਮਾਰ ਪੁੱਤਰ ਜੀਤ ਰਾਮ ਵਾਸੀ ਪਿੰਡ ਕੁਨੈਲ, ਥਾਣਾ ਗੜ੍ਹਸ਼ੰਕਰ, ਜ਼ਿਲਾ ਹੁਸ਼ਿਆਰਪੁਰ ਨੂੰ ਨਾਮਜ਼ਦ ਕੀਤਾ ਗਿਆ ਅਤੇ ਜਾਂਚ ਦੌਰਾਨ ਮੁਲਜ਼ਮ ਵਿਨੋਦ ਕੁਮਾਰ ਦੇ ਘਰ ਵਿਖੇ ਛਾਪੇਮਾਰੀ ਕੀਤੀ ਗਈ, ਪਰ ਮੁਲਜ਼ਮ ਦੇ ਰੂਪੋਸ਼ ਹੋਣ ਕਾਰਨ ਗ੍ਰਿਫਤਾਰੀ ਨਹੀਂ ਹੋ ਸਕੀ, ਜਿਸ ਕਾਰਨ ਮੁਲਜ਼ਮ ਵਿਨੋਦ ਕੁਮਾਰ ਦੇ ਮਾਨਯੋਗ ਅਦਾਲਤ ਪਾਸੋਂ ਗ੍ਰਿਫਤਾਰੀ ਵਾਰੰਟ ਹਾਸਲ ਕੀਤੇ ਗਏ। ਪਰ ਮੁਲਜ਼ਮ ਬਾਰੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਣਜੀਤ ਕੌਰ ਦਾ ਕਤਲ ਕਰਨ ਤੋਂ ਬਾਅਦ ਉਹ ਵਿਦੇਸ਼ ਬੈਕਾਂਕ ਦੋੜ ਗਿਆ ਸੀ। ਜਿਸ ਕਾਰਨ ਉਸਦੀ ਗ੍ਰਿਫਤਾਰੀ ਨਾ ਹੋ ਸਕੀ।
ਇਸ ਦੌਰਾਨ ਮਾਨਯੋਗ ਅਦਾਲਤ ਨੇ ਮੁਲਜ਼ਮ ਵਿਨੋਦ ਕੁਮਾਰ ਨੂੰ ਮਿਤੀ 26.4.2024 ਨੂੰ ਪੀ.ਉ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਨੋਦ ਕੁਮਾਰ ਵਿਰੁੱਧ ਐਲ.ਓ.ਸੀ ਜਾਰੀ ਕੀਤੀ ਗਈ ਸੀ, ਜਿਸ ਕਾਰਨ ਅੰਤਰਰਾਸ਼ਟਰੀ ਹਵਾਈ ਅੱਡੇ ਕਲਕੱਤਾ (ਪੱਛਮੀ ਬੰਗਾਲ) ਵਿਖੇ ਏਅਰਪੋਰਟ ਅਥਾਰਟੀ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਜਿਸ ‘ਤੇ ਥਾਣਾ ਪਾਇਲ ਤੋਂ ਪੁਲਸ ਪਾਰਟੀ ਭੇਜ ਕੇ ਮੁਲਜ਼ਮ ਵਿਨੋਦ ਕੁਮਾਰ ਨੂੰ ਹਿਰਾਸਤ ਵਿੱਚ ਲੈਣ ਉਪਰੰਤ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਅੱਗੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।