ਖਾਲਿਸਤਾਨੀ ਅੱਤਵਾਦੀ ਡੱਲਾ ਦਾ ਮੁਕੱਦਮਾ ਨਹੀਂ ਕੀਤਾ ਜਾਵੇਗਾ ਜਨਤਕ, Ontario ਅਦਾਲਤ ਦੇ ਹੁਕਮ
ਕੈਨੇਡਾ ਵਿੱਚ ਓਨਟਾਰੀਓ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਆਰਜ਼ੀ ਮੁਖੀ ਅਰਸ਼ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਅਤੇ ਉਸ ਦੇ ਸਹਿਯੋਗੀ ਗੁਰਜੰਟ ਸਿੰਘ ਦੇ ਮੁਕੱਦਮੇ ਦੀ ਕਾਰਵਾਈ ਬਾਰੇ ਮੀਡੀਆ ਕਵਰੇਜ, ਪ੍ਰਸਾਰਣ ਅਤੇ ਰਿਪੋਰਟਿੰਗ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਕੈਨੇਡਾ ਸਰਕਾਰ ਦੀ ਮੰਗ ‘ਤੇ ਲਿਆ ਗਿਆ ਹੈ।
ਕੈਨੇਡਾ ਸਰਕਾਰ ਨੇ ਕੀਤੀ ਸੀ ਮੰਗ
ਦਰਅਸਲ ਕੈਨੇਡਾ ਸਰਕਾਰ ਦੇ ਵਕੀਲ ਵੱਲੋਂ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ। ਜਿਸ ਵਿੱਚ ਅਦਾਲਤੀ ਕਾਰਵਾਈ ਦੇ ਟੈਲੀਕਾਸਟ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਇਸ ਅਰਜ਼ੀ ਨੂੰ ਓਨਟਾਰੀਓ ਅਦਾਲਤ ਨੇ ਸਵੀਕਾਰ ਕਰ ਲਿਆ ਹੈ। ਇਹ ਪਾਬੰਦੀ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ਤੱਕ ਲਾਗੂ ਰਹੇਗੀ। ਉੱਥੇ ਹੀ ਭਾਰਤ ਨੇ ਅਰਸ਼ ਡੱਲਾ ਦੀ ਹਵਾਲਗੀ ਲਈ ਰਸਮੀ ਬੇਨਤੀ ਕਰਨ ਦਾ ਸੰਕੇਤ ਦਿੱਤਾ ਹੈ। ਡੱਲਾ ‘ਤੇ ਭਾਰਤ ‘ਚ ਕਈ ਗੰਭੀਰ ਅਪਰਾਧਿਕ ਮਾਮਲਿਆਂ ਅਤੇ ਅੱਤਵਾਦ ਦੀਆਂ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਡੱਲਾ ਨੂੰ 2023 ਵਿੱਚ ਭਾਰਤੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਘੋਸ਼ਿਤ ਕੀਤਾ ਸੀ।
ਭਾਰਤ ਨੇ ਗ੍ਰਿਫਤਾਰੀ ਲਈ ਕੈਨੇਡੀਅਨ ਸਰਕਾਰ ਨੂੰ ਕੀਤੀ ਬੇਨਤੀ
ਜੁਲਾਈ 2023 ਵਿੱਚ, ਭਾਰਤ ਨੇ ਡੱਲਾ ਦੀ ਅਸਥਾਈ ਗ੍ਰਿਫਤਾਰੀ ਲਈ ਕੈਨੇਡੀਅਨ ਸਰਕਾਰ ਨੂੰ ਬੇਨਤੀ ਕੀਤੀ। ਹਾਲਾਂਕਿ, ਉਸ ਸਮੇਂ ਇਹ ਬੇਨਤੀ ਰੱਦ ਕਰ ਦਿੱਤੀ ਗਈ ਸੀ। ਪਰ ਹੁਣ ਕੈਨੇਡਾ ‘ਚ ਹੋਈ ਗ੍ਰਿਫਤਾਰੀ ਨੇ ਹਵਾਲਗੀ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ- ਅਸੀਂ ਕੈਨੇਡਾ ਵਿੱਚ ਅਰਸ਼ ਡੱਲਾ ਦੀ ਗ੍ਰਿਫਤਾਰੀ ਬਾਰੇ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ ਹੈ। ਉਸਨੂੰ 10 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਕੈਨੇਡੀਅਨ ਪ੍ਰਿੰਟ ਅਤੇ ਵਿਜ਼ੂਅਲ ਮੀਡੀਆ ਨੇ ਇਸ ਘਟਨਾ ਬਾਰੇ ਵਿਆਪਕ ਤੌਰ ‘ਤੇ ਰਿਪੋਰਟ ਕੀਤੀ ਹੈ।
ਡੱਲਾ ਨੂੰ ਭਾਰਤ ਲਿਆ ਕੇ ਦਿੱਤੀਆਂ ਜਾਣਗੀਆਂ ਸਜ਼ਾਵਾਂ
ਜੈਸਵਾਲ ਨੇ ਕਿਹਾ ਕਿ ਡੱਲਾ ਦੇ ਭਾਰਤ ਵਿਚ ਲੰਬਿਤ ਅਪਰਾਧਿਕ ਮਾਮਲਿਆਂ ਅਤੇ ਕੈਨੇਡਾ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਉਸਦੀ ਸ਼ਮੂਲੀਅਤ ਨੂੰ ਧਿਆਨ ਵਿਚ ਰੱਖਦੇ ਹੋਏ, ਭਾਰਤੀ ਏਜੰਸੀਆਂ ਹਵਾਲਗੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਰਸ਼ ਡੱਲਾ ਦੇ ਜੁਰਮਾਂ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਉਸ ਨੂੰ ਭਾਰਤ ਲਿਆ ਕੇ ਸਜ਼ਾਵਾਂ ਦਿੱਤੀਆਂ ਜਾਣਗੀਆਂ। ਸਾਡੀਆਂ ਏਜੰਸੀਆਂ ਹਾਲੀਆ ਗ੍ਰਿਫਤਾਰੀ ਦੇ ਮੱਦੇਨਜ਼ਰ ਹਵਾਲਗੀ ‘ਤੇ ਲੋੜੀਂਦੀ ਕਾਰਵਾਈ ਕਰਨਗੀਆਂ।
2023 ਵਿੱਚ ਕੈਨੇਡਾ ਤੋਂ ਡੱਲਾ ਦੀ ਗ੍ਰਿਫ਼ਤਾਰੀ ਦੀ ਮੰਗ
ਭਾਰਤ ਨੇ 2023 ਵਿੱਚ ਕੈਨੇਡਾ ਤੋਂ ਡੱਲਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ। ਪਰ ਕੈਨੇਡੀਅਨ ਸਰਕਾਰ ਨੇ ਉਸ ਸਮੇਂ ਇਸ ਮੰਗ ਨੂੰ ਠੁਕਰਾ ਦਿੱਤਾ ਸੀ। ਇਸ ਦੌਰਾਨ, ਜਨਵਰੀ 2023 ਵਿੱਚ, ਭਾਰਤ ਨੇ ਡੱਲਾ ਦੇ ਸ਼ੱਕੀ ਪਤੇ, ਭਾਰਤ ਵਿੱਚ ਉਸਦੇ ਲੈਣ-ਦੇਣ, ਉਸਦੀ ਜਾਇਦਾਦ ਅਤੇ ਮੋਬਾਈਲ ਨੰਬਰਾਂ ਬਾਰੇ ਕੈਨੇਡਾ ਨੂੰ ਸੂਚਿਤ ਕੀਤਾ ਸੀ। ਭਾਰਤ ਨੇ ਕੈਨੇਡਾ ਨੂੰ ਐਮਐਲਏਟੀ ਸੰਧੀ (ਮਿਊਚਲ ਲੀਗਲ ਅਸਿਸਟੈਂਸ ਟਰੀਟੀ) ਤਹਿਤ ਇਸ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਕਿਹਾ ਸੀ। ਦਸੰਬਰ 2023 ਵਿੱਚ, ਕੈਨੇਡੀਅਨ ਨਿਆਂ ਵਿਭਾਗ ਨੇ ਇਸ ਮਾਮਲੇ ‘ਤੇ ਭਾਰਤ ਤੋਂ ਵਾਧੂ ਜਾਣਕਾਰੀ ਮੰਗੀ ਸੀ। ਭਾਰਤ ਨੇ ਮਾਰਚ ਵਿੱਚ ਇਸ ਦਾ ਜਵਾਬ ਦਿੱਤਾ ਸੀ।
ਇਹ ਵੀ ਪੜ੍ਹੋ : ਦਿੱਲੀ ਵਿੱਚ ਪ੍ਰਾਇਮਰੀ ਸਕੂਲ ਬੰਦ, CM ਆਤਿਸ਼ੀ ਨੇ ਜਾਰੀ ਕੀਤੇ ਇਹ ਹੁਕਮ
ਗ੍ਰਿਫਤਾਰੀ ਤੋਂ ਬਚਣ ਲਈ ਅਰਸ਼ ਪੰਜਾਬ ਤੋਂ ਕੈਨੇਡਾ ਭੱਜ ਗਿਆ
ਅਰਸ਼ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਹੈ ਅਤੇ ਉਸ ਦੇ ਖਿਲਾਫ ਭਾਰਤ ‘ਚ 50 ਤੋਂ ਵੱਧ ਕੇਸ ਚੱਲ ਰਹੇ ਹਨ। ਇਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਅੱਤਵਾਦੀ ਗਤੀਵਿਧੀਆਂ ਅਤੇ ਦਹਿਸ਼ਤੀ ਫੰਡਿੰਗ ਸ਼ਾਮਲ ਹਨ। ਮਈ 2022 ਵਿੱਚ, ਭਾਰਤ ਸਰਕਾਰ ਨੇ ਅਰਸ਼ ਡੱਲਾ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਬਾਅਦ ਸਾਲ 2023 ‘ਚ ਉਸ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਗਿਆ ਸੀ। ਗ੍ਰਿਫਤਾਰੀ ਤੋਂ ਬਚਣ ਲਈ ਅਰਸ਼ ਪੰਜਾਬ ਤੋਂ ਕੈਨੇਡਾ ਭੱਜ ਗਿਆ ਅਤੇ ਉਥੋਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲੱਗਾ। ਭਾਰਤੀ ਏਜੰਸੀਆਂ ਲੰਬੇ ਸਮੇਂ ਤੋਂ ਡੱਲਾ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀਆਂ ਹਨ।