ਕਰਨਾਟਕ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਉਮੇਸ਼ ਵਿਸ਼ਵਨਾਥ ਕੱਟੀ ਦੀ ਬੈਂਗਲੁਰੂ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਉਹ ਆਪਣੀ ਡਾਲਰ ਕਲੋਨੀ ਸਥਿਤ ਰਿਹਾਇਸ਼ ਦੇ ਬਾਥਰੂਮ ਵਿਚ ਦਿਲ ਦਾ ਦੌਰਾ ਪੈਣ ਕਾਰਨ ਡਿੱਗ ਗਏ ਸਨ, ਜਿੱਥੋਂ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਸੀ।
ਰਾਜ ਦੇ ਮਾਲ ਮੰਤਰੀ ਆਰ ਅਸ਼ੋਕ ਨੇ ਕਿਹਾ ਕਿ ਜਦੋਂ ਉਮੇਸ਼ ਵਿਸ਼ਵਨਾਥ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਸਾਹ ਨਹੀਂ ਲੈ ਰਹੇ ਸਨ। ਉਨ੍ਹਾਂ ਉਮੇਸ਼ ਵਿਸ਼ਵਨਾਥ ਦੀ ਮੌਤ ਨੂੰ ਭਾਜਪਾ ਅਤੇ ਬੇਲਗਾਵੀ ਜ਼ਿਲ੍ਹੇ ਲਈ ਵੱਡਾ ਘਾਟਾ ਦੱਸਿਆ। ਇਸ ਦੇ ਨਾਲ ਹੀ ਸੀਐਮ ਨੇ ਉਮੇਸ਼ ਵਿਸ਼ਵਨਾਥ ਦੀ ਮੌਤ ‘ਤੇ ਵੀ ਦੁੱਖ ਪ੍ਰਗਟ ਕੀਤਾ ਹੈ।
ਮੁੱਖ ਮੰਤਰੀ ਬਸਵਰਾਜ ਬੋਮਈ ਨੇ ਆਪਣੇ ਮੰਤਰੀ ਮੰਡਲ ਦੇ ਸਹਿਯੋਗੀ ਅਤੇ ਇੱਕ “ਨੇੜਲੇ ਮਿੱਤਰ” ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰਾਜ ਨੇ ਇੱਕ ਅਨੁਭਵੀ ਰਾਜਨੇਤਾ, ਗਤੀਸ਼ੀਲ ਨੇਤਾ ਅਤੇ ਇੱਕ ਵਫ਼ਾਦਾਰ ਜਨਤਕ ਸੇਵਕ ਨੂੰ ਗੁਆ ਦਿੱਤਾ ਹੈ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅੰਤਿਮ ਸੰਸਕਾਰ ਬਾਗੇਵਾੜੀ ਬੇਲਾਗਾਵੀ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਦੇਹ ਨੂੰ ਏਅਰ ਐਂਬੂਲੈਂਸ ਰਾਹੀਂ ਉਥੋਂ ਲਿਜਾਇਆ ਜਾਵੇਗਾ। ਕਰਨਾਟਕ ਸਰਕਾਰ ਨੇ ਬੁੱਧਵਾਰ ਨੂੰ ਮਰਹੂਮ ਨੇਤਾ ਦੇ ਸਨਮਾਨ ‘ਚ ਸੂਬੇ ਭਰ ‘ਚ ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਾਰਟੀ ਆਗੂ ਦੇ ਅਚਾਨਕ ਦਿਹਾਂਤ ‘ਤੇ ਟਵੀਟ ਕਰਕੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਅਤੇ ਲਿਖਿਆ, ”ਉਮੇਸ਼ ਕੱਟੀ ਜੀ ਇੱਕ ਤਜਰਬੇਕਾਰ ਨੇਤਾ ਸਨ ਜਿਨ੍ਹਾਂ ਨੇ ਕਰਨਾਟਕ ਦੇ ਵਿਕਾਸ ਵਿੱਚ ਭਰਪੂਰ ਯੋਗਦਾਨ ਪਾਇਆ। ਮੈਂ ਉਨ੍ਹਾਂ ਦੀ ਮੌਤ ਤੋਂ ਦੁਖੀ ਹਾਂ।”