‘Emergency’ ਦੇ ਵਿਰੋਧ ਵਿਚਾਲੇ ਕੰਗਨਾ ਰਣੌਤ ਦਾ ਆਇਆ ਪਹਿਲਾਂ ਬਿਆਨ
ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਪੰਜਾਬ ‘ਚ ਐਮਰਜੈਂਸੀ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਫਿਲਮ ਨੂੰ ਪੰਜਾਬ ‘ਚ ਰਿਲੀਜ਼ ਹੋਣ ਤੋਂ ਰੋਕਿਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਮੰਗ ਕੀਤੀ ਹੈ ਕਿ ਕੰਗਣਾ ਦੀ ਫਿਲਮ ‘ਤੇ ਪੰਜਾਬ ‘ਚ ਪਾਬੰਦੀ ਲਗਾਈ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ।
SGPC ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ
ਇਸ ਦੇ ਨਾਲ ਹੀ ਐਸਜੀਪੀਸੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਕਿਹਾ, ‘‘ਇਸ ਦਾ ਵਿਰੋਧ ਦਰਜ ਕਰਵਾਉਂਦੇ ਹੋਏ ਐਸਜੀਪੀਸੀ ਨੇ ਆਪਣੀ ਕਾਰਜਕਾਰਨੀ ਕਮੇਟੀ ਦਾ ਮਤਾ ਪਹਿਲਾਂ ਹੀ ਰਾਜ ਦੇ ਮੁੱਖ ਸਕੱਤਰ ਨੂੰ ਭੇਜ ਦਿੱਤਾ ਹੈ, ਜਿਸ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਇਹ ਫਿਲਮ ਨਹੀਂ ਚੱਲੇਗੀ। ਇਸ ਨੂੰ ਪੰਜਾਬ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ, ਕਿਉਂਕਿ ਇਸ ਨੂੰ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਬਣਾਇਆ ਗਿਆ ਹੈ ਪਰ ਪੰਜਾਬ ਸਰਕਾਰ ਨੇ ਇਸ ਦਿਸ਼ਾ ਵਿੱਚ ਕੋਈ ਕਦਮ ਨਹੀਂ ਚੁੱਕਿਆ, ਜਿਸ ਨਾਲ ਸਿੱਖਾਂ ਵਿੱਚ ਰੋਸ ਪੈਦਾ ਹੋਵੇਗਾ। ਭਾਵੇਂ ਪ੍ਰਸ਼ਾਸਨ ਨੇ ਪਾਬੰਦੀ ਨਹੀਂ ਲਗਾਈ ਹੈ ਪਰ ਸਿਨੇਮਾ ਮਾਲਕਾਂ ਨੇ ਖ਼ੁਦ ਫ਼ਿਲਮ ਪੰਜਾਬ ਵਿੱਚ ਰਿਲੀਜ਼ ਨਹੀਂ ਕੀਤੀ ਹੈ।
ਕੰਗਨਾ ਦਾ ਟਵੀਟ
ਪੰਜਾਬ ਵਿੱਚ ਫਿਲਮ ਦੇ ਵਿਰੋਧ ਨੂੰ ਦੇਖਦੇ ਹੋਏ ਕੰਗਨਾ ਨੇ ਟਵੀਟ ਕੀਤਾ ਹੈ। ਅਦਾਕਾਰਾ ਨੇ ਕਿਹਾ ਕਿ ਇਹ ਕਲਾ ਅਤੇ ਕਲਾਕਾਰਾਂ ਨਾਲ ਪੂਰੀ ਤਰ੍ਹਾਂ ਛੇੜਛਾੜ ਹੈ, ਪੰਜਾਬ ਦੇ ਕਈ ਸ਼ਹਿਰਾਂ ਤੋਂ ਇਹ ਰਿਪੋਰਟਾਂ ਆ ਰਹੀਆਂ ਹਨ ਕਿ ਇਹ ਲੋਕ ਐਮਰਜੈਂਸੀ ਸਕ੍ਰੀਨ ਨਹੀਂ ਹੋਣ ਦੇ ਰਹੇ ਹਨ। ਮੈਂ ਸਾਰੇ ਧਰਮਾਂ ਲਈ ਬਹੁਤ ਸਤਿਕਾਰ ਕਰਦੀ ਹਾਂ ਅਤੇ ਚੰਡੀਗੜ੍ਹ ਵਿੱਚ ਪੜ੍ਹਣ ਅਤੇ ਵੱਡੀ ਹੋਣ ਤੋਂ ਬਾਅਦ ਮੈਂ ਸਿੱਖ ਧਰਮ ਨੂੰ ਨੇੜਿਓਂ ਦੇਖਿਆ ਅਤੇ ਉਸਦਾ ਪਾਲਣ ਕੀਤਾ ਹੈ। ਇਹ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਅਤੇ ਮੇਰੀ ਫਿਲਮ ਨੂੰ ਨੁਕਸਾਨ ਪਹੁੰਚਾਉਣ ਲਈ ਪੂਰੀ ਤਰ੍ਹਾਂ ਝੂਠ ਅਤੇ ਪ੍ਰਾਪੇਗੰਡਾ ਹੈ।
ਕਈ ਸਿਨੇਮਾ ਘਰਾਂ ਵਿੱਚ ਫਿਲਮ ਨਹੀਂ ਦਿਖਾਈ ਜਾ ਰਹੀ
ਸ਼੍ਰੋਮਣੀ ਕਮੇਟੀ ਦੀ ਇਸ ਮੰਗ ਦੇ ਮੱਦੇਨਜ਼ਰ ਪੰਜਾਬ ਵਿੱਚ ਸਿਨੇਮਾਘਰਾਂ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਫਿਲਮ ਨੂੰ ਰੋਕਣ ਲਈ ਸਮੂਹ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਵਰਕਰ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਅੰਮ੍ਰਿਤਸਰ ‘ਚ ਤਿੰਨ ਥਾਵਾਂ ‘ਤੇ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਐਸਜੀਪੀਸੀ ਦੇ ਵਿਰੋਧ ਤੋਂ ਬਾਅਦ ਪੰਜਾਬ ਦੇ ਕਈ ਸਿਨੇਮਾ ਘਰਾਂ ਵਿੱਚ ਫਿਲਮ ਨਹੀਂ ਦਿਖਾਈ ਜਾ ਰਹੀ ਹੈ।