ਝਾਂਸੀ ਦੇ ਮੈਡੀਕਲ ਕਾਲਜ ‘ਚ ਭਿਆਨਕ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌ.ਤ
ਯੂ.ਪੀ: ਝਾਂਸੀ ਦੇ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਦੇ ਸਪੈਸ਼ਲ ਨਿਊ ਬੋਰਨ ਕੇਅਰ ਯੂਨਿਟ (SNCU) ਵਿੱਚ ਸ਼ੁੱਕਰਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਪੂਰਾ ਵਾਰਡ ਅੱਗ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਵਾਰਡ ਵਿੱਚ ਹਫੜਾ ਦਫੜੀ ਮੱਚ ਗਈ। ਅੱਗ ਵਿੱਚ ਝੁਲਸਣ ਕਾਰਨ 10 ਬੱਚਿਆਂ ਦੀ ਮੌਤ ਹੋ ਗਈ।
ਆਕਸੀਜਨ ਕੰਸੈਂਟਰੇਟਰ ‘ਚ ਸਪਾਰਕਿੰਗ ਕਾਰਨ ਲੱਗੀ ਅੱਗ
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਰਾਤ ਕਰੀਬ 10:30 ਵਜੇ ਦੀ ਹੈ। ਆਕਸੀਜਨ ਕੰਸੈਂਟਰੇਟਰ ‘ਚ ਸਪਾਰਕਿੰਗ ਕਾਰਨ ਅੱਗ ਲੱਗ ਗਈ, ਫਿਰ ਧਮਾਕਾ ਹੋਇਆ। ਇਸ ਤੋਂ ਬਾਅਦ ਅੱਗ ਪੂਰੇ ਵਾਰਡ ਵਿੱਚ ਫੈਲ ਗਈ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਪਹੁੰਚੀਆਂ ਅਤੇ 2 ਘੰਟਿਆਂ ‘ਚ ਅੱਗ ‘ਤੇ ਕਾਬੂ ਪਾ ਲਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ ਸੀਐਮ ਯੋਗੀ ਨੇ ਉੱਚ ਪੱਧਰੀ ਮੀਟਿੰਗ ਸੱਦੀ। ਉਨ੍ਹਾਂ ਕਮਿਸ਼ਨਰ ਅਤੇ ਡੀਆਈਜੀ ਨੂੰ 12 ਘੰਟਿਆਂ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਸੀਐਮ ਵੱਲੋਂ ਮੁਆਵਜੇ ਦਾ ਐਲਾਨ
ਸੀਐਮ ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।